Babushahi Big News ਜੀਦਾ ਧਮਾਕਾ: ਅੱਤਵਾਦੀ ਮੌਲਾਨਾ ਮੌਸੂਦ ਦੇ ਫੈਨ ਗੁਰਪ੍ਰੀਤ ਦੀ ਬੈਂਕ ਕੁੰਡਲੀ ਫਰੋਲਣ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ, 13ਸਤੰਬਰ 2025 :ਬਠਿੰਡਾ ਪੁਲਿਸ ਨੇ ਪਿੰਡ ਜੀਦਾ ’ਚ ਹੋਏ ਧਮਾਕਿਆਂ ਦੌਰਾਨ ਗੰਭੀਰ ਰੂਪ ’ਚ ਜਖਮੀ ਹੋਏ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਜਗਤਾਰ ਸਿੰਘ ਵਾਸੀ ਜੀਦਾ ਦੇ ਬੈਂਕ ਖਾਤਿਆਂ ਦੀ ਫਰੋਲਾ ਫਰਾਲੀ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੁਰਪ੍ਰੀਤ ਨੂੰ ਧਮਾਕੇ ਕਰਨ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਹਰੋਂ ਫੰਡਿੰਗ ਕੀਤੀ ਹੋ ਸਕਦੀ ਹੈ। ਬਠਿੰਡਾ ਪੁਲਿਸ ਨੇ ਬੈਂਕ ਖਾਤਿਆਂ ਦੀ ਡਿਟੇਲ ਹਾਸਲ ਕਰਨ ਲਈ ਲੁੜੀਂਦੀ ਕਾਰਵਾਈ ਸ਼ੂੁਰੂ ਕਰ ਦਿੱਤੀ ਹੈ। ਬੈਂਕਾਂ ਤੋਂ ਪ੍ਰਵਾਨਗੀ ਮਿਲਦਿਆਂ ਹੀ ਖਾਤਿਆਂ ਦੀ ਪੜਤਾਲ ਆਰੰਭੀ ਜਾਣੀ ਹੈ। ਪੁਲਿਸ ਅਤੇ ਜਾਂਚ ਏਜੰੰਸੀਆਂ ਨੂੰ ਵੀ ਸ਼ੱਕ ਹੈ ਕਿ ਗੁਰਪ੍ਰੀਤ ਸਿੰਘ ਕਿਸੇ ਖਤਰਨਾਕ ਮਿਸ਼ਨ ਨੂੰ ਅੰਜਾਮ ਦੇਣ ਲਈ ਆਪਣੇ ਹੱਥੀਂ ਤਿਆਰ ਕੀਤੇ ਜਾਣ ਵਾਲੇ ਧਮਾਕਾਖੇਜ਼ ਪਦਾਰਥ ਨੂੰ ਕਿਧਰੇ ਲਿਜਾਣ ਦੀ ਤਿਆਰੀ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ ।
ਗੁਰਪ੍ਰੀਤ ਉਦੋਂ ਗੰਭੀਰ ਜਖਮੀ ਹੋਇਆ ਜਦੋਂ ਉਹ ਯੂਟਿਊਬ ਤੇ ਦੇਖਕੇ ਧਮਾਕਾਖੇਜ਼ ਵਸਤੂ ਬਣਾ ਰਿਹਾ ਸੀ ਜਿਸ ਲਈ ਉਸ ਨੇ ਸਮੱਗਰੀ ਆਨਲਾਈਨ ਖਰੀਦੀ ਸੀ ਜਦੋਂਕਿ ਉਸ ਦਾ ਪਿਤਾ ਮਗਰੋਂ ਜਖਮੀ ਹੋਇਆ ਹੈ। ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਐਨ ਪਹਿਲਾਂ ਹੋਏ ਇਸ ਧਮਾਕੇ ਕਾਰਨ ਵੱਡੇ ਦਹਿਸ਼ਤਗਰਦੀ ਹਮਲੇ ਦਾ ਖਤਰਾ ਟਲ ਗਿਆ ਹੈ। ਗੁਰਪ੍ਰੀਤ ਏਮਜ਼ ਹਸਪਤਾਲ ਦਾਖਲ ਹੈ ਜਿੱਥੇ ਉਸ ਦਾ ਦਾ ਡਾਕਟਰਾਂ ਨੂੰ ਹੱਥ ਕੱਟਣਾ ਪਿਆ ਹੈ। ਗੁਰਪ੍ਰੀਤ ਪਕਿਸਤਾਨੀ ਦਹਿਸ਼ਤਗਰਦ ਮੌਲਾਨਾ ਮਸੂਦ ਅਜ਼ਹਰ ਤੋਂ ਕਾਫੀ ਪ੍ਰਭਾਵਿਤ ਹੈ। ਗੁਰਪ੍ਰੀਤ ਸਿੰਘ ਦੇ ਮੋਬਾਇਲ ਫੋਨ ਚੋਂ ਉਸ ਦਾ ਸੰਪਰਕ ਨੰਬਰ ਵੀ ਮਿਲਿਆ ਹੈ ਜਿਸ ਪਿੱਛੋਂ ਪੁਲਿਸ ਵੀ ਦੰਗ ਰਹਿ ਗਈ ਹੈ। ਮੋਬਾਇਲ ਚੋਂ ਪਾਕਿਸਤਾਨ ਦੇ ਹੋਰ ਕਈ ਵੱਡੇ ਦਹਿਸ਼ਤਗਰਦਾਂ ਦੇ ਨੰਬਰ ਮਿਲਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਮੁਲਕ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ।
ਹਾਲਾਂਕਿ ਸ਼ੁਰੂਆਤੀ ਤਫਤੀਸ਼ ਦੌਰਾਨ ਤਾਂ ਪੁਲਿਸ ਦੇ ਬਹੁਤਾ ਕੁੱਝ ਹੱਥ ਪੱਲੇ ਨਹੀਂ ਪਿਆ ਸੀ ਪਰ ਜਦੋਂ ਜਾਂਚ ਟੀਮਾਂ ਨੇ ਡੂੰਘਾਈ ਨਾਲ ਪੜਤਾਲ ਅੱਗੇ ਵਧਾਈ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਇਹ ਧਮਾਕੇ ਭਾਰਤ ਦੀਆਂ ਏਜੰਸੀਆਂ ਨੂੰ ਲੁੜੀਂਦੇ ਅੱਤਵਾਦੀ ਤੇ ਜੈਸ਼ੇ ਮੁਹੰਮਦ ਦੇ ਮੁਖੀ ਮੌਲਾਨਾ ਮੌਸੂਦ ਅਜ਼ਹਰ ਸਮੇਤ ਇਸਲਾਮੀ ਅੱਤਵਾਦੀਆਂ ਦੇ ਵੀਡੀਓ ਰਾਹੀਂ ਕਾਨੂੰਨ ਦੇ ਇੱਕ ਵਿਦਿਆਰਥੀ ਦੇ ਦਿਮਾਗ ਵਿੱਚ ਭਰੇ ਜਹਿਰ ਦਾ ਨਤੀਜਾ ਹਨ। ਪੰਜਾਬ ਪੁਲਿਸ ਦੀ ਵਿਸ਼ੇਸ਼ ਫੌਰੈਂਸਿਕ ਟੀਮ ਅਤੇ ਜਲੰਧਰ ਤੋਂ ਆਏ ਬੰਬ ਵਿਰੋਧੀ ਦਸਤੇ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਰ ਚੀਜ਼ ਦਾ ਬਾਰੀਕੀ ਨਾਲ ਜਾਇਜਾ ਲਿਆ ਹੈ। ਟੀਮਾਂ ਨੇ ਵਿਸਫੋਟਕ ਨੂੰ ਨਸ਼ਟ ਕਾਰਨ ਦੇ ਨਾਲ ਨਾਲ ਮੌਕੇ ਤੋਂ ਕੁੱਝ ਨਮੂਨੇ ਵੀ ਹਾਸਲ ਕੀਤੇ ਹਨ। ਧਮਾਕੇ ਕਾਰਨ ਘਰ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ ਸਨ ਅਤੇ ਜਗਤਾਰ ਸਿੰਘ ਦੇ ਘਰ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ।
ਪਤਾ ਲੱਗਿਆ ਹੈ ਕਿ ਜਾਂਚ ਏਜੰਸੀਆਂ ਨੇ ਤਫਤੀਸ਼ ਵਿੱਚ ਵਿਘਨ ਪੈਣ ਦੇ ਡਰੋਂ ਇਹਤਿਆਤੀ ਤੌਰ ਤੇ ਘਟਨਾ ਵਾਲੇ ਘਰ ਦੇ ਆਸ ਪਾਸ ਪੈਂਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਹੈ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਪੁਲਿਸ ,ਐਨਆਈਏ ,ਆਈਬੀ ਅਤੇ ਹੋਰ ਖੁਫੀਆ ਏਜੰਸੀਆਂ ਵੀ ਜਾਂਚ ’ਚ ਸ਼ਾਮਲ ਹੋ ਗਈਆਂ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਡੀਜੀਪੀ ਪੰਜਾਬ ਵੱਲੋਂ ਜਾਂਚ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਧਮਾਕੇ ਦੀ ਜਾਣਕਾਰੀ ਹਸਪਤਾਲ ਤੋਂ ਮਿਲੀ ਜਿੱਥੇ ਇਲਾਜ ਲਈ ਜਖਮੀ ਗੁਰਪ੍ਰੀਤ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਪੰਜਾਬ ਪੁਲਿਸ ਦਾ ਆਪਣਾ ਖੁਫੀਆ ਤੰਤਰ ਹੈ। ਇਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸੀ ਦੇ ਅਧਿਕਾਰੀ ਅਤੇ ਕਾਫੀ ਮੁਲਾਜਮ ਵੀ ਹਨ ਫਿਰ ਵੀ ਧਮਾਕਿਆਂ ਦੀ ਅਗਾਊਂ ਜਾਣਕਾਰੀ ਨਾਂ ਲੱਗਣਾ ਖੁਫੀਆ ਢਾਂਚੇ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜ੍ਹੇ ਕਰਦਾ ਹੈ।
.jpg)
ਪੁਲਿਸ ਦੀ ਨਿਗਰਾਨੀ ’ਚ ਇਲਾਜ
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਜੁਗਰਾਜ ਸਿੰਘ ਨੂੰ ਏਮਜ਼ ਸ਼ਿਫਟ ਕਰ ਦਿੱਤਾ ਗਿਆ ਹੈ ਜਿੱਥੇ ਪੁਲਿਸ ਦੇ ਸਖਤ ਪਹਿਰੇ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਮਜ਼ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਦੋਵਾਂ ਤੋਂ ਪੁੱਛ ਗਿੱਛ ਕਰੇਗੀ। ਹੁਣ ਤੱਕ ਦੀ ਪੁੱਛਗਿਛ ’ਚ ਗੁਰਪ੍ਰੀਤ ਨੇ ਐਨਾ ਹੀ ਦੱਸਿਆ ਹੈ ਕਿ ਉਹ ਕਾਫੀ ਸਮੇਂ ਤੋਂ ਇਸਲਾਮਿਕ ਅੱਤਵਾਦੀਆਂ ਦੇ ਵੀਡੀਓ ਦੇਖ ਰਿਹਾ ਸੀ ਜਿੰਨ੍ਹਾਂ ਨੂੰ ਭਾਰਤ ’ਚ ਇਤਰਾਜਯੋਗ ਮੰਨਿਆ ਜਾਂਦਾ ਹੈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਆਖਿਰ ਕਠੂਆ ਜਾਣ ਪਿਛੇ ਉਸ ਦਾ ਕੀ ਮਕਸਦ ਸੀ।
ਖਾਤਿਆਂ ਦੀ ਹੋਵੇਗੀ ਜਾਂਚ:ਐਸਐਸਪੀ
ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਨੂੰ ਧਮਾਕੇ ਕਰਨ ਲਈ ਫੰਡਿੰਗ ਹੋਣ ਦਾ ਸ਼ੱਕ ਹੈ ਜਿਸ ਕਰਕੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਲੁੜੀਂਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਪੜਤਾਲ ਸ਼ੁਰੂ ਕਰ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਮੋਬਾਇਲ ਫੋਨ ਚੋਂ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਦੇ ਫਾਰਮੂਲੇ ਅਤੇ ਇਸਲਾਮਿਕ ਅੱਤਵਾਦੀਆਂ ਦੇ ਵੀਡੀਓ ਵੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ਨੂੰ ਫੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਤੋਂ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ।