ਖਨੌਰੀ ਮੋਰਚੇ ਤੋਂ ਪੀਜੀਆਈ ਦਵਾਈ ਲੈਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ਚ ਮੌਤ
ਰਵੀ ਜੱਖੂ
ਚੰਡੀਗੜ੍ਹ, 12 ਫਰਵਰੀ 2025- ਖਨੌਰੀ ਮੋਰਚੇ ਤੋਂ ਪੀਜੀਆਈ ਦਵਾਈ ਲੈਣ ਜਾ ਰਹੇ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਉਰਫ਼ ਕਾਲਾ ਬਡਲਾਡਾ ਪੁੱਤਰ ਮੋਹਰ ਸਿੰਘ ਵਾਸੀ ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਖਨੌਰੀ ਮੋਰਚੇ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਆਪਣੀ ਕਿਡਨੀਆਂ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਅਵਾਰਾ ਪਸ਼ੂ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਜ਼ਖਮੀ ਹਾਲਤ ਵਿਚ ਸੜਕ ਸੁਰੱਖਿਆ ਫੋਰਸ ਵਲੋਂ ਸਰਕਾਰੀ ਹਸਪਤਾਲ ਸੈਕਟਰ 16 ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸਨੂੰ ਇਲਾਜ਼ ਲਈ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਅਤੇ ਦੌਰਾਨੇ ਇਲਾਜ਼ ਉਸਦੀ ਮੌਤ ਹੋ ਗਈ।
ਕਿਸਾਨ ਚਰਨਜੀਤ ਸਿੰਘ ਬੀਕੇਯੂ ਸਿੱਧੂ ਦੇ ਨਾਲ ਜੁੜਿਆ ਹੋਇਆ ਸੀ ਅਤੇ ਖਨੌਰੀ ਵਿਖੇ ਲੱਗੇ ਮੋਰਚੇ ਵਿੱਚ ਆਪਣੀ ਸੇਵਾ ਨਿਭਾਅ ਰਿਹਾ ਸੀ।