20 ਮਾਰਚ ਤੱਕ ਮਨਾਇਆ ਜਾਏਗਾ ਵਿਸ਼ੇਸ਼ ਟੀਕਾਕਰਣ ਹਫਤਾ: ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ
ਅਸ਼ੋਕ ਵਰਮਾ
ਬਠਿੰਡਾ , 16 ਮਾਰਚ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ 16 ਮਾਰਚ ਤੋਂ 20 ਮਾਰਚ 2026 ਤੱਕ ਜ਼ਿਲ੍ਹੇ ਭਰ ਵਿੱਚ ਸਪੈਸ਼ਲ ਟੀਕਾਕਰਣ ਹਫਤਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਦੇ ਟੀਕਾਕਰਨ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਉਹਨਾਂ ਬੱਚਿਆਂ ਤੱਕ ਪਹੁੰਚਣਾ ਹੈ ਜੋ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਐਮ.ਆਰ. 1 (ਮੀਜ਼ਲਜ਼ ਰੂਬੈਲਾ) ਟੀਕੇ ਦੀ ਪਹਿਲੀ ਖੁਰਾਕ ਅਤੇ ਐਮ.ਆਰ -II ਦੀ ਦੂਜੀ ਖੁਰਾਕ ਦੀ ਕਵਰੇਜ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਾਲ ਹੀ ਐਮ.ਆਰ. 1 ਤੋਂ ਐਮ.ਆਰ -II ਤੱਕ ਦੇ ਡ੍ਰਾਪ ਆਉਟ ਪ੍ਰਤੀਸ਼ਤ ਨੂੰ ਘਟਾਉਣ ਲਈ ਵੀ ਖਾਸ ਯਤਨ ਕੀਤੇ ਜਾਣਗੇ ਤਾਂ ਜੋ ਹਰ ਬੱਚੇ ਨੂੰ ਪੂਰਾ ਟੀਕਾਕਰਨ ਮਿਲ ਸਕੇ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਹਨਾਂ ਬੱਚਿਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਜੇ ਤੱਕ ਕੋਈ ਵੀ ਟੀਕਾ ਨਹੀਂ ਲੱਗਿਆ, ਜਿਨ੍ਹਾਂ ਨੂੰ ਜ਼ੀਰੋ ਡੋਜ਼ ਚਿਲਡਰਨ ਕਿਹਾ ਜਾਂਦਾ ਹੈ। ਅਜਿਹੇ ਬੱਚਿਆਂ ਨੂੰ ਟੀਕਾਕਰਨ ਦੀ ਸੇਵਾ ਨਾਲ ਜੋੜ ਕੇ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਲਈ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਸ਼ਾ ਵਰਕਰਾਂ, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ (ਫੀਮੇਲ) ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਬੱਚਿਆਂ ਦੀ ਪਛਾਣ ਕਰਨ ਅਤੇ ਮਾਪਿਆਂ ਨੂੰ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਜਾਂ ਟੀਕਾਕਰਨ ਸੈਸ਼ਨ ‘ਤੇ ਲੈ ਕੇ ਆਉਣ ਤਾਂ ਜੋ ਹਰ ਬੱਚਾ ਖਸਰਾ ਅਤੇ ਰੂਬੈਲਾ ਵਰਗੀਆਂ ਬਿਮਾਰੀਆਂ ਤੋਂ ਬਚ ਸਕੇ। ਸਿਹਤ ਵਿਭਾਗ ਦਾ ਲਕਸ਼ ਹੈ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
Click to Follow Babushahi Facebook page →