ਹਰੀਕੇ ਹੈੱਡ 'ਤੇ ਹੜ੍ਹ ਪੀੜਤ ਕਿਸਾਨਾਂ ਵੱਲੋਂ ਰੋਸ ਵਿਖਾਵਾ
ਬਲਜੀਤ ਸਿੰਘ
ਪੱਟੀ (ਤਰਨ ਤਾਰਨ), 5 ਜੁਲਾਈ 2025: ਹਰੀਕੇ ਹੈੱਡ 'ਤੇ ਇਕੱਤਰ ਹੋ ਕੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਲਾਪਰਵਾਹੀ ਤੇ ਗਹਿਰੀ ਨਾਰਾਜ਼ਗੀ ਜਤਾਈ। ਵੱਡੇ ਪੱਧਰ 'ਤੇ ਹੋ ਰਹੀਆਂ ਬਾਰਸ਼ਾਂ ਅਤੇ ਹਿਮਾਚਲ ਤੋਂ ਆ ਰਹੇ ਵਧੇਰੇ ਪਾਣੀ ਕਾਰਨ ਹਰੀਕੇ ਦਰਿਆ ਵਿੱਚ ਹੜਾਂ ਦਾ ਖਤਰਾ ਵਧ ਗਿਆ ਹੈ। ਇਸੇ ਨੂੰ ਲੈ ਕੇ ਕਮੇਟੀ ਨੇ 7 ਜੁਲਾਈ, ਸੋਮਵਾਰ ਨੂੰ ਹਰੀਕੇ ਹੈਡ ਤੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਪਾਣੀ ਛੱਡਣ 'ਤੇ ਲਾਪਰਵਾਹੀ:
ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ ਨੇ ਦੱਸਿਆ ਕਿ ਹਰੀਕੇ ਹੈਡ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਬਿਨਾਂ ਸੂਚਿਤ ਕੀਤੇ ਦਰਿਆ ਦੇ ਦਰ ਖੋਲ ਦਿੱਤੇ ਜਾਂਦੇ ਹਨ, ਜਿਸ ਨਾਲ ਹੜਾਂ ਦਾ ਖਤਰਾ ਹੋਰ ਵਧ ਜਾਂਦਾ ਹੈ।
ਪਿਛਲੇ ਸਾਲ ਵੀ ਹੋਇਆ ਸੀ ਵੱਡਾ ਨੁਕਸਾਨ:
2023 ਵਿੱਚ ਆਈ ਹੜਾਂ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ, ਪਰ ਅਜੇ ਤੱਕ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਮਿਲਿਆ।
ਫਸਲਾਂ ਨੂੰ ਖਤਰਾ:
ਵਧੇਰੇ ਪਾਣੀ ਛੱਡਣ ਕਰਕੇ ਕਿਸਾਨਾਂ ਦੀ ਪਾਲੀ ਹੋਈ ਫਸਲ ਖਰਾਬ ਹੋਣ ਦਾ ਖਤਰਾ ਹੈ, ਜਿਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ।
ਰੋਸ ਪ੍ਰਦਰਸ਼ਨ ਦਾ ਐਲਾਨ
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 7 ਜੁਲਾਈ, ਸੋਮਵਾਰ ਨੂੰ ਹਰੀਕੇ ਹੈਡ 'ਤੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਖ਼ਿਲਾਫ਼ ਨਾਅਰੇਬਾਜ਼ੀ ਹੋਵੇਗੀ।
ਕਿਸਾਨ ਆਗੂਆਂ ਦੀ ਅਪੀਲ
ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ, ਜਿਲਾ ਤਰਨ ਤਾਰਨ ਦੇ ਪ੍ਰਧਾਨ ਜਗਬੀਰ ਸਿੰਘ ਸਵਰਾ ਅਤੇ ਹੋਰ ਵੱਖ-ਵੱਖ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਅਤੇ ਹੜਾਂ ਤੋਂ ਬਚਾਅ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।