ਸੰਤ ਸੀਚੇਵਾਲ ਵੱਲੋਂ ਮੰਡ ਇਲਾਕੇ ਦੇ ਕਿਸਾਨਾਂ ਨੂੰ ਮੂੰਗਫ਼ਲੀ ਬੀਜਣ ਦੀ ਸਲਾਹ
*ਝੋਨੇ ਨਾਲੋਂ ਕਈ ਗੁਣਾ ਲਾਹੇਵੰਦ ਮੂੰਗਫ਼ਲੀ, ਪਾਣੀ ਦੀ ਵੀ ਸਭ ਤੋਂ ਵੱਧ ਬਚਤ*
ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ, 11 ਜਨਵਰੀ* 2026
ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਖੇਤਾਂ ਵਿੱਚੋਂ ਅਜੇ ਤੱਕ ਰੇਤਾ ਨਹੀਂ ਚੁੱਕਿਆ ਜਾ ਸਕਿਆ, ਉਹ ਕਿਸਾਨ ਝੋਨੇ ਦੀ ਥਾਂ ਮੂੰਗਫ਼ਲੀ ਦੀ ਬਿਜਾਈ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਮੂੰਗਫ਼ਲੀ ਨਾ ਸਿਰਫ਼ ਆਰਥਿਕ ਤੌਰ ’ਤੇ ਵੱਧ ਲਾਹੇਵੰਦ ਹੈ, ਸਗੋਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੱਡੀ ਬਚਤ ਵੀ ਸੰਭਵ ਹੈ।
ਬਾਊਪੁਰ ਮੰਡ ਇਲਾਕੇ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਸੰਤ ਸੀਚੇਵਾਲ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਲਗਾਤਾਰ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਲੇਜ਼ਰ ਲੈਵਲਰ ਚਲ ਰਹੇ ਹਨ, ਜਦਕਿ ਖੇਤਾਂ ਵਿੱਚੋਂ ਗਾਦ ਕੱਢਣ ਲਈ ਐਕਸਾਵੇਟਰ ਮਸ਼ੀਨਾਂ ਲੱਗੀਆਂ ਹੋਈਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਅਜੇ ਵੀ ਲਗਭਗ 150 ਤੋਂ 200 ਏਕੜ ਜ਼ਮੀਨ ਅਜਿਹੀ ਹੈ, ਜਿੱਥੋਂ ਰੇਤਾ ਵੀ ਰੇਤਾ ਹੈ। ਇਸ ਕਾਰਨ ਕਈ ਕਿਸਾਨ ਨਾ ਤਾਂ ਕਣਕ ਦੀ ਬਿਜਾਈ ਕਰ ਸਕੇ ਅਤੇ ਨਾ ਹੀ ਪਸ਼ੂਆਂ ਲਈ ਪੱਠੇ ਬੀਜ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਮੂੰਗਫ਼ਲੀ ਬੀਜ ਕੇ ਤਜਰਬਾ ਕੀਤਾ ਹੈ ਕਿ ਮੂੰਗਫ਼ਲੀ ਲਈ ਪਾਣੀ ਦੀ ਖਪਤ ਨਾ-ਮਾਤਰ ਹੁੰਦੀ ਹੈ ਤੇ ਇੱਕ ਏਕੜ ਤੋਂ ਲਗਭਗ 1 ਲੱਖ 30 ਹਜ਼ਾਰ ਰੁਪਏ ਤੱਕ ਦੀ ਉਪਜ ਪ੍ਰਾਪਤ ਕੀਤੀ ਜਾ ਸਕਦੀ ਹੈ। ਮਾਰਕੀਟ ਵਿੱਚ ਮੂੰਗਫ਼ਲੀ ਦਾ ਥੋਕ ਭਾਅ 70 ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਮਿਲ ਜਾਂਦਾ ਹੈ ਅਤੇ ਕਈ ਵਾਰ ਇਹ ਦਰ 100 ਰੁਪਏ ਤੋਂ ਵੀ ਉੱਪਰ ਚਲੀ ਜਾਂਦੀ ਹੈ।
ਸੰਤ ਸੀਚੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਬਚਤ ਤਦ ਹੀ ਸੰਭਵ ਹੈ ਜਦੋਂ ਕਿਸਾਨ ਫਸਲੀ ਵਿਿਭੰਨਤਾ ਨੂੰ ਅਮਲੀ ਰੂਪ ਵਿੱਚ ਅਪਣਾਉਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮੂੰਗਫ਼ਲੀ ਅਤੇ ਮੱਕੀ ਦੀ ਬਿਜਾਈ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਉਮੀਦ ਹੈ ਕਿ ਉਸ ਸਮੇਂ ਤੱਕ ਕਿਸਾਨਾਂ ਦੇ ਖੇਤ ਬਿਜਾਈ ਲਈ ਤਿਆਰ ਹੋ ਜਾਣਗੇ।
ਇਸ ਦੌਰਾਨ ਜਿਨ੍ਹਾਂ ਕਿਸਾਨਾਂ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਿਲਆ, ਉਨ੍ਹਾਂ ਵੱਲੋਂ ਮੁੜ ਅਪੀਲ ਕੀਤੀ ਗਈ ਹੈ ਕਿ ਸੰਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਇਆ ਜਾਵੇ, ਤਾਂ ਜੋ ਉਨ੍ਹਾਂ ਲਈ ਜਲਦ ਤੋਂ ਜਲਦ ਮੁਆਵਜ਼ੇ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਵੱਡੇ ਪੱਧਰ ਤੇ ਅਜੇ ਵੀ ਕਈ ਖੇਤ 5 ਤੋਂ 6 ਫੁੱਟ ਰੇਤ ਅਤੇ ਗਾਰ ਨਾਲ ਭਰੇ ਹੋਏ ਹਨ, ਜਿਨ੍ਹਾਂ ਦੀ ਸਫਾਈ ਲਈ ਵੱਡੇ ਪੱਧਰ ਤੇ ਮਸ਼ੀਨਰੀ ਤੇ ਡੀਜ਼ਲ ਦੀ ਲੋੜ ਹੈ।