ਸੰਤ ਨਿਰੰਕਾਰੀ ਮਿਸ਼ਨ ਨੇ ਮੁਕਤੀ ਪਰਵ ਨੂੰ ਆਤਮਿਕ ਆਜ਼ਾਦੀ ਵਜੋਂ ਸ਼ਰਧਾ ਭਾਵ ਨਾਲ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 16 ਅਗਸਤ 2025 ਸੰਤ ਨਿਰੰਕਾਰੀ ਮਿਸ਼ਨ ਨੇ ਮੁਕਤੀ ਪਰਵ ਨੂੰ ਆਤਮਿਕ ਆਜ਼ਾਦੀ ਵਜੋਂ ਸ਼ਰਧਾ ਅਤੇ ਸਮਰਪਣ ਭਾਵ ਨਾਲ ਵਿਸ਼ਾਲ ਰੂਪ ਵਿੱਚ ਮਨਾਇਆ। ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ 'ਚ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਸਮੂਹ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪਰਵ ਸਿਰਫ ਇਕ ਯਾਦ ਨਹੀਂ, ਬਲਕਿ ਆਤਮਿਕ ਚੇਤਨਾ ਦੇ ਜਾਗਰਣ ਅਤੇ ਜੀਵਨ ਦੇ ਸਭ ਤੋਂ ਵੱਡੇ ਉਦੇਸ਼ ਦਾ ਪ੍ਰਤੀਕ ਹੈ। ਸਤਿਗੁਰੂ ਦੇ ਹੁਕਮ ਮੁਤਾਬਕ ਉਨ੍ਹਾਂ ਮਹਾਨ ਸੰਤ ਹਸਤੀਆਂ ਨੂੰ ਸ਼ਰਧਾ ਸੁਮਨ ਅਰਪਿਤ ਕੀਤਾ, ਜਿੰਨਾ ਨੇ ਮੁਕਤੀ ਮਾਰਗ ਨੂੰ ਪ੍ਰਾਪਤ ਕਰਨ ਲਈ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੇ ਲਈ ਅਰਪਨ ਕਰ ਦਿੱਤਾ।
ਉਨ੍ਹਾਂ ਨੇ ਅੱਗੇ ਫਰਮਾਇਆ ਕਿ ਆਤਮਿਕ ਮੁਕਤੀ ਕੇਵਲ ਬ੍ਰਹਮਗਿਆਨ ਦੁਆਰਾ ਹੀ ਸੰਭਵ ਹੈ। ਬ੍ਰਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਹੀ ਮਨੁੱਖਤਾ ਲਈ ਪਿਆਰ ਉਪਜਦਾ ਹੈ, ਜਿਸਦੀ ਸਮਾਜ ਨੂੰ ਬਹੁਤ ਲੋੜ ਹੈ। ਭਗਤੀ ਦੇ ਮਾਰਗ ਤੇ ਚਲਦੇ ਹੋਏ ਸਾਰੇ ਬੰਧਨਾਂ ਤੋਂ ਮੁਕਤ ਹੋਣਾ ਹੀ ਅਸਲ ਮੁਕਤੀ ਹੋਇਆ ਕਰਦੀ ਹੈ। ਅੱਜ ਦੇ ਦਿਨ ਨਿਰੰਕਾਰੀ ਮਿਸ਼ਨ ਦੇ ਉਨ੍ਹਾਂ ਭਗਤਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿੰਨਾ ਨੇ ਜਿਉਂਦੇ ਜੀਅ ਭਗਤੀ ਮਾਰਗ ਤੇ ਚਲਦਿਆਂ ਮੁਕਤੀ ਪ੍ਰਾਪਤ ਕੀਤੀ।
ਨਿਰਸੰਦੇਹ, ਇਨ੍ਹਾਂ ਸੰਤਾਂ ਦਾ ਤਪ, ਤਿਆਗ ਅਤੇ ਸੇਵਾ ਅੱਜ ਵੀ ਲੱਖਾਂ ਆਤਮਾਵਾਂ ਦੀ ਜ਼ਿੰਦਗੀ 'ਚ ਰੌਸ਼ਨੀ ਦਾ ਕੰਮ ਕਰ ਰਹੀਆਂ ਹਨ। ਜੀਵਨ ਦੀਆਂ ਮੁਸ਼ਕਲ ਹਾਲਤਾਂ ਵਿੱਚ ਵੀ ਇਨ੍ਹਾਂ ਨੇ ਬ੍ਰਹਮ ਗਿਆਨ ਦੀ ਮਸ਼ਾਲ ਨੂੰ ਜਗਾਈ ਰੱਖਿਆ ਅਤੇ ਮਿਸ਼ਨ ਦਾ ਸੁਨੇਹਾ ਜਨ-ਜਨ ਤੱਕ ਆਪਣੇ ਜੀਵਨ ਰਾਹੀਂ ਪਹੁੰਚਾਇਆ।