ਸੂਬੇ ਦਾ ਪਹਿਲਾ ਹਲਕਾ ਬਣੇਗਾ ਘਨੌਰ ਜਿਥੇ ਹਰ ਪਿੰਡ 'ਚ ਹੋਵੇਗਾ ਖੇਡ ਮੈਦਾਨ
-ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਬੱਚਿਆਂ ਤੇ ਨੌਜਵਾਨਾਂ ਲਈ ਬਣਿਆ ਰੋਲ ਮਾਡਲ
-ਘਨੌਰ ਹਲਕੇ ਦੇ 173 ਪਿੰਡਾਂ 'ਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਵਾਲੀਬਾਲ ਕੋਰਟ : ਗੁਰਲਾਲ ਘਨੌਰ
-ਕਿਹਾ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦੇ ਨਾਮ ਚਮਕਾਉਣਗੇ ਘਨੌਰ ਹਲਕੇ ਦੇ ਖਿਡਾਰੀ
- ਘਨੌਰ ਹਲਕੇ 'ਚ ਖੇਡ ਸਭਿਆਚਾਰ ਵਿਕਸਤ ਕਰਨ ਲਈ ਖਰਚੇ ਜਾ ਰਹੇ ਨੇ 20 ਕਰੋੜ ਰੁਪਏ : ਵਿਧਾਇਕ
-ਘਨੌਰ ਹਲਕੇ ਦੇ ਹਰੇਕ ਪਿੰਡ 'ਚ ਬਣੇ ਵਾਲੀਬਾਲ ਮੈਦਾਨਾਂ 'ਚ ਲੱਗਣ ਲੱਗੀਆਂ ਰੌਣਕਾਂ
ਘਨੌਰ/ਪਟਿਆਲਾ, 6 ਮਈ:
ਕੌਮਾਂਤਰੀ ਕਬੱਡੀ ਖਿਡਾਰੀ ਤੇ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਹਲਕੇ ਦੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਹਲਕੇ ਦੇ 173 ਪਿੰਡਾਂ 'ਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਵਾਲੀਬਾਲ ਕੋਰਟ ਬਣਕੇ ਤਿਆਰ ਹਨ, ਜਿਨ੍ਹਾਂ ਦਾ 98 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਮਈ ਮਹੀਨੇ 'ਚ ਸਾਰੇ ਵਾਲੀਬਾਲ ਕੋਰਟ ਖਿਡਾਰੀਆਂ ਲਈ ਉਪਲਬੱਧ ਹੋਣਗੇ।
ਸੂਬੇ ਦੇ ਲੋਕਾਂ ਤੇ ਖਾਸਕਰ ਨੌਜਵਾਨੀ ਨੂੰ ਤੰਦਰੁਸਤ ਰੱਖਣ, ਨਸ਼ਿਆਂ ਤੋਂ ਦੂਰ ਕਰਨ ਤੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਰਾਜਨੀਤੀ 'ਚ ਆਏ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਵੱਲੋਂ ਆਪਣੇ ਹਲਕੇ ਦੇ ਹਰੇਕ ਪਿੰਡ 'ਚ ਖੇਡ ਮੈਦਾਨ ਵਿਕਸਤ ਕੀਤੇ ਗਏ ਹਨ, ਜਿਥੇ ਵਾਲੀਬਾਲ ਸਮੇਤ ਹੋਰਨਾਂ ਖੇਡਾਂ ਲਈ ਸਹੂਲਤਾਂ ਉਪਲਬੱਧ ਹਨ। ਹਲਕੇ 'ਚ 15 ਗਰਾਊਂਡ ਜੋ ਇਕ ਤੋਂ ਚਾਰ ਏਕੜ ਵਿੱਚ ਵਿਕਸਤ ਕੀਤੇ ਜਾ ਰਹੇ ਹਨ, ਜਿਸ ਵਿੱਚੋਂ ਖੇੜੀਗੁਰਨਾ ਵਿਖੇ 40 ਲੱਖ ਰੁਪਏ ਦੀ ਲਾਗਤ ਅਤੇ ਘੜਾਮ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਮੈਦਾਨਾਂ ਦਾ ਵੱਡੀ ਗਿਣਤੀ ਖਿਡਾਰੀ ਲਾਭ ਉਠਾ ਰਹੇ ਹਨ।
ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਹਲਕੇ 'ਚ ਖੇਡਾਂ ਦੇ ਖੇਤਰ 'ਚ ਹੋਏ ਕੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਨੌਰ ਹਲਕੇ 'ਚ 175 ਪਿੰਡ ਆਉਂਦੇ ਹਨ ਤੇ ਇਨ੍ਹਾਂ ਵਿਚੋਂ 173 ਵਿੱਚ ਵਾਲੀਬਾਲ ਕੋਰਟ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਵਾਲੀਬਾਲ ਕੋਰਟ ਬਣਾਉਣ ਦਾ ਮੁੱਖ ਮਕਸਦ ਇਸ ਖੇਡ ਨੂੰ ਹਰੇਕ ਉਮਰ ਵਰਗ ਵੱਲੋਂ ਖੇਡਿਆਂ ਜਾਣਾ ਤੇ 10 ਜਾ 15 ਵਿਅਕਤੀ ਇਕੱਠੇ ਹੋ ਕੇ ਕਿਸੇ ਵੀ ਸਮੇਂ ਭਾਵੇਂ ਰਾਤ ਹੋਵੇ ਖੇਡ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੇਡ ਕੋਰਟ ਪਿੰਡਾਂ ਦੇ ਨੇੜੇ ਜ਼ਿਆਦਾਤਰ ਸਕੂਲਾਂ ਨੇੜੇ ਜਾਂ ਨਿਆਈ ਵਾਲੀ ਜਗ੍ਹਾ 'ਤੇ ਬਣਾਏ ਗਏ ਹਨ ਤੇ ਰਾਤ ਨੂੰ ਖੇਡਣ ਲਈ ਲਾਈਟਾਂ ਵੀ ਲਗਾਈਆਂ ਗਈਆਂ ਹਨ।
ਐਮ.ਐਲ.ਏ ਗੁਰਲਾਲ ਨੇ ਕਿਹਾ ਕਿ ਜੇਕਰ ਹਰੇਕ ਪਿੰਡ ਦੇ 20 ਬੱਚੇ ਵੀ ਵਾਲੀਬਾਲ ਗਰਾਊਂਡ 'ਚ ਜਾਣ ਲੱਗਦੇ ਹਨ ਤਾਂ ਹਲਕੇ ਦੇ 3500 ਬੱਚੇ ਖੇਡ ਗਰਾਊਂਡਾਂ 'ਚ ਪੁੱਜ ਜਾਣਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਕਾਲਜ ਘਨੌਰ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਮਨੇਜੀਅਮ ਹਾਲ ਵੀ ਬਣਾਇਆ ਗਿਆ ਹੈ ਤੇ ਹਲਕੇ 'ਚ 40 ਜਿਮ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਾਜਪੁਰਾ ਰੋਡ 'ਤੇ ਪਿੰਡ ਢੀਂਡਸਾ ਵਿਖੇ ਰੋਇੰਗ ਖੇਡ ਸ਼ੁਰੂ ਕਰਨ ਲਈ ਵੀ ਕੰਮ ਜਾਰੀ ਹੈ ਜਲਦ ਹੀ ਇਸ ਖੇਡ ਦਾ ਅਨੰਦ ਸੂਬਾ ਵਾਸੀ ਉਠਾ ਸਕਣਗੇ।
ਪੰਜਾਬ ਦੀ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਸੂਬਾ ਵਾਸੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਸਨ, ਜਿਸ ਤਹਿਤ ਲਗਾਤਾਰ ਤਿੰਨ ਸਾਲ ਤੋਂ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰੇਕ ਉਮਰ ਵਰਗ ਦੇ ਵਿਅਕਤੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਕਰੋੜਾ ਰੁਪਏ ਦੇ ਇਨਾਮੀ ਰਾਸ਼ੀ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਤਕਸੀਮ ਕੀਤੀ ਜਾ ਰਹੀ ਹੈ।
ਗੁਰਲਾਲ ਘਨੌਰ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਸਾਰੇ ਬੱਚੇ, ਨੌਜਵਾਨ ਤੇ ਬਜ਼ੁਰਗਾਂ ਨੂੰ ਸਵੇਰ ਤੇ ਸ਼ਾਮ ਸਮੇਂ ਖੇਡ ਮੈਦਾਨਾਂ ਨਾਲ ਜੋੜਨਾ ਹੈ, ਇਸ ਲਈ ਉਹ ਲਗਾਤਾਰ ਤਿੰਨ ਸਾਲਾ ਤੋਂ ਹਲਕੇ 'ਚ ਖੇਡ ਮੈਦਾਨ ਵਿਕਸਤ ਕਰਦੇ ਆ ਰਹੇ ਹਨ ਤੇ ਹੁਣ ਵੱਡੀ ਗਿਣਤੀ ਬੱਚੇ, ਨੌਜਵਾਨ ਤੇ ਬਜ਼ੁਰਗ ਸਵੇਰੇ ਸ਼ਾਮ ਗਰਾਊਂਡਾਂ 'ਚ ਪ੍ਰੈਕਟਿਸ ਲਈ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਇਨ੍ਹਾਂ ਮੈਦਾਨਾਂ 'ਚੋਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ, ਜੋ ਸੂਬੇ ਦਾ ਨਾਮ ਰੋਸ਼ਨ ਕਰਨਗੇ।