ਸਿਵਲ ਸੇਵਾਵਾਂ ਵਿੱਚ OBC ਅਤੇ SC ਸ਼੍ਰੇਣੀ ਦੇ ਅਧਿਕਾਰੀਆਂ ਦੇ ਅੰਕੜੇ ਜਾਰੀ, ਕਈ ਅਹੁਦੇ ਅਜੇ ਵੀ ਖਾਲੀ
ਦੇਸ਼ ਵਿੱਚ 2,830 ਅਹੁਦੇ ਅਜੇ ਵੀ ਖਾਲੀ
ਨਵੀਂ ਦਿੱਲੀ: 16 ਫਰਵਰੀ, 2026
ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀਆਂ ਵੱਕਾਰੀ ਸਿਵਲ ਸੇਵਾਵਾਂ ਵਿੱਚ ਰਾਖਵੀਆਂ ਸ਼੍ਰੇਣੀਆਂ ਦੀ ਭਰਤੀ ਅਤੇ ਖਾਲੀ ਪਏ ਅਹੁਦਿਆਂ ਬਾਰੇ ਅਹਿਮ ਅੰਕੜੇ ਜਾਰੀ ਕੀਤੇ ਹਨ। ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ 1 ਜਨਵਰੀ, 2025 ਤੱਕ ਦੇ ਅੰਕੜਿਆਂ ਅਨੁਸਾਰ ਆਈਏਐਸ (IAS), ਆਈਪੀਐਸ (IPS) ਅਤੇ ਆਈਐਫਐਸ (IFS) ਸੇਵਾਵਾਂ ਵਿੱਚ ਕੁੱਲ 2,830 ਅਸਾਮੀਆਂ ਖਾਲੀ ਪਈਆਂ ਹਨ। ਵਿਸਤ੍ਰਿਤ ਜਾਣਕਾਰੀ ਮੁਤਾਬਕ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ 1300, ਭਾਰਤੀ ਪੁਲਿਸ ਸੇਵਾ ਵਿੱਚ 505 ਅਤੇ ਭਾਰਤੀ ਜੰਗਲਾਤ ਸੇਵਾ ਵਿੱਚ 1029 ਅਹੁਦੇ ਭਰੇ ਜਾਣੇ ਬਾਕੀ ਹਨ।
ਸਰਕਾਰ ਨੇ ਪਿਛਲੇ ਪੰਜ ਸਾਲਾਂ (ਸਿਵਲ ਸੇਵਾ ਪ੍ਰੀਖਿਆ 2020 ਤੋਂ 2024) ਦੌਰਾਨ ਸਿੱਧੀ ਭਰਤੀ ਰਾਹੀਂ ਚੁਣੇ ਗਏ ਰਾਖਵੀਆਂ ਸ਼੍ਰੇਣੀਆਂ ਦੇ ਅਧਿਕਾਰੀਆਂ ਦਾ ਵੇਰਵਾ ਵੀ ਸਾਂਝਾ ਕੀਤਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਆਈਏਐਸ ਵਿੱਚ ਓਬੀਸੀ ਸ਼੍ਰੇਣੀ ਦੇ 245, ਐਸਸੀ ਦੇ 135 ਅਤੇ ਐਸਟੀ ਦੇ 67 ਅਧਿਕਾਰੀ ਭਰਤੀ ਕੀਤੇ ਗਏ ਹਨ। ਇਸੇ ਤਰ੍ਹਾਂ ਆਈਪੀਐਸ ਵਿੱਚ ਓਬੀਸੀ ਦੇ 255, ਐਸਸੀ ਦੇ 141 ਅਤੇ ਐਸਟੀ ਦੇ 71 ਅਧਿਕਾਰੀ ਸ਼ਾਮਲ ਹੋਏ ਹਨ, ਜਦਕਿ ਜੰਗਲਾਤ ਸੇਵਾ (IFS) ਵਿੱਚ ਓਬੀਸੀ ਦੇ 231, ਐਸਸੀ ਦੇ 95 ਅਤੇ ਐਸਟੀ ਸ਼੍ਰੇਣੀ ਦੇ 48 ਅਧਿਕਾਰੀਆਂ ਦੀ ਚੋਣ ਹੋਈ ਹੈ।
ਦੇਸ਼ ਭਰ ਵਿੱਚ ਅਧਿਕਾਰੀਆਂ ਦੀ ਮਨਜ਼ੂਰਸ਼ੁਦਾ ਗਿਣਤੀ ਅਤੇ ਮੌਜੂਦਾ ਤਾਇਨਾਤੀ ਵਿਚਕਾਰ ਵੱਡਾ ਪਾੜਾ ਦੇਖਣ ਨੂੰ ਮਿਲ ਰਿਹਾ ਹੈ। ਆਈਏਐਸ ਦੇ ਕੁੱਲ 6877 ਮਨਜ਼ੂਰ ਅਹੁਦਿਆਂ ਦੇ ਮੁਕਾਬਲੇ ਸਿਰਫ਼ 5577 ਅਧਿਕਾਰੀ ਹੀ ਤਾਇਨਾਤ ਹਨ। ਰਾਜਾਂ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼ ਵਿੱਚ 652 ਅਹੁਦਿਆਂ ਦੇ ਮੁਕਾਬਲੇ 571, ਮੱਧ ਪ੍ਰਦੇਸ਼ ਵਿੱਚ 459 ਦੇ ਮੁਕਾਬਲੇ 391 ਅਤੇ ਮਹਾਰਾਸ਼ਟਰ ਵਿੱਚ 435 ਦੇ ਮੁਕਾਬਲੇ 359 ਅਧਿਕਾਰੀ ਕੰਮ ਕਰ ਰਹੇ ਹਨ। ਬਿਹਾਰ ਵਿੱਚ ਵੀ 359 ਮਨਜ਼ੂਰ ਅਹੁਦਿਆਂ ਦੇ ਮੁਕਾਬਲੇ ਸਿਰਫ਼ 303 ਆਈਏਐਸ ਅਧਿਕਾਰੀ ਹੀ ਤਾਇਨਾਤ ਹਨ, ਜੋ ਪ੍ਰਸ਼ਾਸਨਿਕ ਕੰਮਕਾਜ ਵਿੱਚ ਅਧਿਕਾਰੀਆਂ ਦੀ ਕਮੀ ਨੂੰ ਦਰਸਾਉਂਦਾ ਹੈ।
ਆਈਏਐਸ ਵਿੱਚ - ਓਬੀਸੀ 245, ਐਸਸੀ 135, ਐਸਟੀ 67
ਆਈਪੀਐਸ ਵਿੱਚ - ਓਬੀਸੀ 255, ਐਸਸੀ 141, ਐਸਟੀ 71
ਆਈਐਫਐਸ ਵਿੱਚ - ਓਬੀਸੀ 231, ਐਸਸੀ 95, ਐਸਟੀ 48