ਸਾਉਣੀ ਦੀਆਂ ਫ਼ਸਲਾਂ ਲਈ ਜਿਪਸਮ ਇੱਕ ਸਸਤਾ ਅਤੇ ਬਿਹਤਰ ਸਰੋਤ : ਮੁੱਖ ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਜਿਪਸਮ
ਰੋਹਿਤ ਗੁਪਤਾ
ਗੁਰਦਾਸਪੁਰ, 15 ਜੁਲਾਈ
ਸਾਉਣੀ ਦੀਆਂ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ 16 ਖ਼ੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਖ਼ੁਰਾਕੀ ਤੱਤ ਫ਼ਸਲ ਨੂੰ ਹਵਾ,ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ ,ਇਸ ਤੋਂ ਇਲਾਵਾ ਫ਼ਸਲ ਲਈ ਲੋੜੀਂਦੇ ਖ਼ੁਰਾਕੀ ਤੱਤ ਸਲਫ਼ਰ ਅਤੇ ਕੈਲਸ਼ੀਅਮ ਜਿਪਸਮ ਦੀ ਵਰਤੋਂ ਕਰਕੇ ਪੂਰਤੀ ਕੀਤੀ ਜਾ ਸਕਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਕਿਸੇ ਵੀ ਫ਼ਸਲ ਨੂੰ 16 ਖ਼ੁਰਾਕੀ ਤੱਤਾਂ ਵਿਚੋਂ ਚਾਰ ਖ਼ੁਰਾਕੀ ਤੱਤ ਜਿਵੇਂ ਹਾਈਡਰੋਜਨ, ਕਾਰਬਨ, ਨਾਈਟ੍ਰੋਜਨ ਅਤੇ ਆਕਸੀਜਨ ਹਵਾ,ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ ਜਦ ਕਿ ਫਾਸਫੋਰਸ, ਪੋਟਾਸ਼, ਜ਼ਿੰਕ, ਮੈਂਗਨੀਜ਼, ਮੈਗਨੀਸ਼ੀਅਮ, ਕਾਪਰ, ਬੋਰੋਨ, ਕੈਲਸ਼ੀਅਮ, ਸਲਫ਼ਰ, ਕਲੋਰਾਈਡ, ਲੋਹਾ, ਮੋਲੀਬਿਡਨਮ ਖ਼ੁਰਾਕੀ ਤੱਤ ਮਿੱਟੀ ਅਤੇ ਰਸਾਇਣਿਕ ਅਤੇ ਦੇਸੀ ਖਾਦਾਂ ਤੋਂ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਸਲਫ਼ਰ ਇੱਕ ਅਜਿਹਾ ਖ਼ੁਰਾਕੀ ਤੱਤ ਹੈ ਜੋ ਫ਼ਸਲ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜੇਕਰ ਇਸ ਤੱਤ ਦੀ ਝੋਨੇ ਜਾਂ ਹੋਰ ਫ਼ਸਲ ਵਿਚ ਘਾਟ ਆ ਜਾਵੇ ਤਾਂ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਪੱਤਿਆਂ ਦਾ ਰੰਗ ਇੱਕੋ ਜਿਹਾ ਫਿੱਕਾ ਹਰਾ ਅਤੇ ਛੋਟੇ ਪੱਤਿਆਂ 'ਤੇ ਰੰਗ-ਬਰੰਗਾਪਨ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਵਿੱਚ, ਗੰਧਕ ਪੌਦਿਆਂ ਦੇ ਵਾਧੇ ਅਤੇ ਵਿਕਾਸ ਵਿੱਚ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ। ਇਹ ਕਲੋਰੋਫਿਲ ਦੇ ਗਠਨ ਲਈ ਜ਼ਰੂਰੀ ਹੈ, ਜੋ ਕਿ ਪ੍ਰਕਾਸ਼ ਸੰਸ਼ਲੇਸ਼ਨ ਲਈ ਮਹੱਤਵਪੂਰਨ ਹੈ, ਅਤੇ ਇਹ ਤਿੰਨ ਅਮੀਨੋ ਐਸਿਡਾਂ ਦਾ ਇੱਕ ਹਿੱਸਾ ਹੈ ਜੋ ਪ੍ਰੋਟੀਨ ਦੇ ਨਿਰਮਾਣ ਬਲਾਕ ਹਨ। ਗੰਧਕ ਨਾਈਟ੍ਰੋਜਨ ਮੈਟਾਬੋਲਿਜ਼ਮ, ਐਨਜ਼ਾਈਮ ਗਤੀਵਿਧੀ ਅਤੇ ਤੇਲ ਦੇ ਸੰਸ਼ਲੇਸ਼ਨ ਵਿੱਚ ਵੀ ਸਹਾਇਤਾ ਕਰਦਾ ਹੈ, ਖ਼ਾਸ ਕਰਕੇ ਤੇਲ ਬੀਜ ਫ਼ਸਲਾਂ ਵਿੱਚ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿਚ ਸਲਫ਼ਰ ਤੱਤ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪੂਰਤੀ ਜਿਪਸਮ ਤੋਂ ਕੀਤੀ ਜਾ ਸਕਦੀ ਹੈ ਜੋ ਸਲਫ਼ਰ ਅਤੇ ਕੈਲਸ਼ੀਅਮ ਦਾ ਸਸਤਾ ਸਰੋਤ ਹੈ । ਉਨ੍ਹਾਂ ਦੱਸਿਆ ਕਿ ਸਲਫ਼ਰ ਖ਼ੁਰਾਕੀ ਤੱਤ ਦੀ ਪੂਰਤੀ ਲਈ ਜਿਪਸਮ ਬਹੁਤ ਹੀ ਸਸਤਾ ਅਤੇ ਬਿਹਤਰ ਸਰੋਤ ਹੈ ਜੋ ਪ੍ਰਤੀ ਏਕੜ 100 ਕਿੱਲੋ ਪਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਪਸਮ (ਕੈਲਸ਼ੀਅਮ ਸਲਫ਼ੇਟ ਘੱਟੋ-ਘੱਟ 70 ਫ਼ੀਸਦੀ) 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ 50 ਕਿੱਲੋ ਬੈਗ 205/- ਦਾ ਮੁਹੱਈਆ ਕਰਵਾਇਆ ਜਾ ਰਿਹਾ ਹੈ,ਜਿਸ ਦੀ ਅਸਲ ਕੀਮਤ 410 /- ਪ੍ਰਤੀ 50 ਕਿੱਲੋ ਹੈ ਜਦ ਕਿ ਬਾਜ਼ਾਰ ਅਤੇ ਸਹਿਕਾਰੀ ਸਭਾਵਾਂ ਵਿਚ ਜਿਪਸਮ 750/- ਰੁਪਏ ਪ੍ਰਤੀ 50 ਕਿੱਲੋ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਿਪਸਮ ਦੀਆਂ ਪਰਖ ਰਿਪੋਰਟਾਂ ਵਿਚ ਪਾਇਆ ਗਿਆ ਹੈ ਕਿ ਇਸ ਵਿਚ 80-86 ਫ਼ੀਸਦੀ ਸਲਫ਼ਰ ਤੱਤ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਜਿਪਸਮ , ਕਲਰਾਠੀ ਜ਼ਮੀਨਾਂ ਨੂੰ ਸੁਧਾਰਨ ਲਈ ਵੀ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਜਿਪਸਮ ਚਾਹੀਦੀ ਹੋਵੇ , ਉਹ ਸਬੰਧਿਤ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ।