ਸਾਂਝੇ ਮਜ਼ਦੂਰ ਮੋਰਚੇ ਵਲੋਂ ਮਜ਼ਦੂਰਾਂ ਦੇ ਮਸਲਿਆਂ ਤੇ ਸੰਘਰਸ਼ਾਂ ਦੀ ਰਣਨੀਤੀ ਉਲੀਕਣ ਦਾ ਐਲਾਨ
ਬਿਠੋਈ ਕਲਾਂ ਜ਼ਮੀਨੀ ਮਸਲੇ 'ਚ ਮਜ਼ਦੂਰਾਂ ਕਿਸਾਨਾਂ ਨੂੰ ਪ੍ਰਸ਼ਾਸਨ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ
ਅਸ਼ੋਕ ਵਰਮਾ
ਜਲੰਧਰ, 23 ਜੂਨ 2025: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਅੱਜ ਇਥੇ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਮਜ਼ਦੂਰ ਮਸਲਿਆਂ 'ਤੇ ਪੰਜਾਬ ਪੱਧਰਾ ਸਾਂਝਾ ਸੰਘਰਸ਼ ਮਘਾਉਣ ਲਈ,20 ਜੁਲਾਈ ਨੂੰ ਸੰਗਰੂਰ ਅਤੇ 22 ਜੁਲਾਈ ਨੂੰ ਜਲੰਧਰ ਵਿਖੇ ਕੰਨਵੈਸ਼ਨਾਂ ਕੀਤੀਆਂ ਜਾਣਗੀਆਂ ਅਤੇ ਇਹਨਾਂ ਕੰਨਵੈਨਸ਼ਨਾਂ ਵਿਚ ਪੰਜਾਬ ਪੱਧਰੇ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ।ਅੱਜ ਇਥੇ ਸਥਾਨਕ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਦਫ਼ਤਰ ਵਿਖੇ ਸਾਂਝੇ ਮਜ਼ਦੂਰ ਮੋਰਚੇ ਦੀ ਮੀਟਿੰਗ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਬੇਜ਼ਮੀਨੇ ਮਜ਼ਦੂਰਾਂ ਦੇ ਮਸਲਿਆਂ ਪ੍ਰਤੀ ਸਾਜਿਸ਼ ਚੁੱਪ ਧਾਰੀ ਬੈਠੀ ਹੈ।
ਉਹਨਾਂ ਕਿਹਾ ਕਿ, ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ ਪ੍ਰਤੀ ਮਹੀਨਾ 5000/- ਰੁਪਏ ਕਰਨ, ਔਰਤਾਂ ਦੇ ਖਾਤੇ ਵਿੱਚ 1100/-ਪ੍ਰਤੀ ਮਹੀਨਾ ਪਾਉਣ ਸਮੇਤ ਸਾਰੀਆਂ ਚੋਣ ਗਰੰਟੀਆਂ ਲਾਗੂ ਕਰਨ, ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਸਮੇਤ ਪੰਚਾਇਤੀ ਜ਼ਮੀਨਾਂ 'ਚੋਂ ਰਾਖਵੇਂ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣੀ ਯਕੀਨੀ ਬਣਾਉਣ , ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡੀਆਂ ਜਾਣ ਅਤੇ ਸਰਕਾਰੀ ਤੇ ਸਮਾਜਿਕ ਜਬਰ ਬੰਦ ਕਰਨ ਵਰਗੇ ਮੁੱਦਿਆਂ 'ਤੇ ਮਜ਼ਦੂਰਾਂ ਦਾ ਸਾਂਝਾ ਮੋਰਚਾ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਕੇ ਸਮਾਜ ਦੇ ਸਭ ਤੋਂ ਲਿਤਾੜੇ ਹੋਏ ਲੋਕਾਂ ਦੀਆਂ ਮੰਗਾਂ ਨਾ ਮੰਨ ਕੇ ਘੋਰ ਵਿਤਕਰਾ ਕਰ ਰਹੀ।
ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਅੰਦਰ ਸ਼ੰਘਰਸੀ਼ਲ ਲੋਕਾਂ ਉਪਰ ਸਰਕਾਰ , ਪੁਲਿਸ ਰਾਹੀਂ ਜ਼ਬਰ ਕਰਕੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ। ਉਨਾਂ ਕਿਹਾ ਕਿ ਮਜ਼ਦੂਰ ਮਸਲਿਆਂ ਦੇ ਨਾਲ ਨਾਲ ਸਰਕਾਰ ਦੇ ਇਸ ਜਾਬਰ ਰਵੱਈਏ ਖਿਲਾਫ਼ ਵੀ ਸੰਘਰਸ਼ ਤੇਜ ਕੀਤਾ ਜਾਵੇਗਾ। ਇਕ ਮਤੇ ਰਾਹੀਂ ਆਗੂਆਂ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਠੋਈ ਕਲਾਂ ਦੇ ਜ਼ਮੀਨੀ ਮਸਲੇ 'ਤੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਜ਼ਦੂਰਾਂ ਅਤੇ ਕਿਸਾਨਾਂ ਵਿਚ ਖੂਨੀ ਟਕਰਾਅ ਕਰਵਾਕੇ ਦੋਹਾਂ ਕਿਰਤੀ ਵਰਗਾਂ ਵਿਚ ਫੁਟ ਪਾਉਣ ਦਾ ਕੰਮ ਕਰ ਰਹੀ ਹੈ ਜਦ ਕਿ ਹੋਰਨਾਂ ਥਾਵਾਂ 'ਤੇ ਤੀਜੇ ਹਿੱਸੇ ਦੀ ਜ਼ਮੀਨ ਮੰਗਣ 'ਤੇ ਸਰਕਾਰ ਤੇ ਪ੍ਰਸ਼ਾਸਨ ਮਜ਼ਦੂਰਾਂ ਨੂੰ, ਔਰਤਾਂ ਸਮੇਤ ਜੇਲੀਂ ਡੱਕ ਰਿਹਾ। ਉਨਾਂ ਮਜ਼ਦੂਰਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਇਨ੍ਹਾਂ ਚਾਲਾਂ ਤੋਂ ਸੁਚੇਤ ਰਹਿਣ। ਉਨਾਂ ਅੱਗੇ ਕਿਹਾ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਖੂਨੰਗਲ ਅਤੇ ਦਿਆਲਪੁਰਾ ਵਿਚ ਕਾਬਜ਼ ਮਜ਼ਦੂਰਾਂ ਨੂੰ ਉਜਾੜਨ ਲਈ ਸਰਕਾਰ ਸਖ਼ਤ ਕਦਮ ਲੈ ਰਹੀ ਹੈ।
ਜਥੇਬੰਦੀਆਂ ਨੇ ਮੰਗ ਕੀਤੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗਿਰਫ਼ਤਾਰ ਸਾਥੀਆਂ ਨੂੰ ਤੁਰਤ ਰਿਹਾ ਕੀਤਾ ਜਾਵੇ।ਇਕ ਹੋਰ ਮਤੇ ਰਾਹੀਂ ਉਹਨਾਂ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦਾ ਜ਼ੋਰਦਾਰ ਸਮਰਥਨ ਕਰਨ ਦਾ ਐਲਾਨ ਕੀਤਾ। ਅਗਲੇ ਮਤੇ ਰਾਹੀਂ ਉਹਨਾਂ ਫਲਸਤੀਨ 'ਤੇ ਇਜ਼ਰਾਈਲ ਦੇ ਨਸਲਘਾਤੀ ਹਮਲਿਆਂ ਦਾ ਵਿਰੋਧ ਕਰਦਿਆਂ ਜੰਗਬਾਜ਼ ਸਾਮਰਾਜੀਆਂ ਵਲੋਂ ਦੁਨੀਆਂ ਭਰ ਵਿੱਚ ਜੰਗਾਂ ਲਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਇਹ ਜੰਗਾਂ ਤੁਰੰਤ ਬੰਦ ਕੀਤੀਆਂ ਜਾਣ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੇਸ਼ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਆਗੂ ਗੁਰਬਿੰਦਰ ਸਿੰਘ ਅਤੇ ਸੀਨੀਅਰ ਆਗੂ ਗੁਰਨਾਮ ਸਿੰਘ ਦਾਊਦ, ਬਲਦੇਵ ਸਿੰਘ ਨੂਰਪੁਰੀ ਅਤੇ ਹਰਬੰਸ ਸਿੰਘ ਧੂਤ ਵੀ ਹਾਜ਼ਰ ਸਨ।ਇਸ ਤੋਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਦੇਵੀ ਕੁਮਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ ਨੇ ਵੀ ਮੀਟਿੰਗ ਦੇ ਫੈਸਲਿਆਂ ਅਤੇ ਮਤਿਆਂ 'ਤੇ ਸਹਿਮਤੀ ਪ੍ਰਗਟ ਕੀਤੀ।
Click to Follow Babushahi Facebook page →