ਸ਼੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ ਪੇਪਰ ਮਿੱਲ ਖ਼ਿਲਾਫ਼ ਗਵਰਨਰ ਨੂੰ ਮੈਮੋਰੈਂਡਮ ਦਿੱਤਾ
ਸੁਖਮਿੰਦਰ ਭੰਗੂ
ਲੁਧਿਆਣਾ 6 ਮਈ 2025
ਸ਼੍ਰੀ ਚਮਕੌਰ ਸਾਹਿਬ ਮੋਰਚਾ ਅਤੇ ਸਥਾਨਕ ਵਾਸੀਆਂ ਨੇ ਪੰਜਾਬ ਦੇ ਰਾਜਪਾਲ ਨੂੰ ਮੈਮੋਰੈਂਡਮ ਸੌਂਪਿਆ ,ਜਿਸ ਰਾਹੀਂ ਉਨ੍ਹਾਂ ਨੇ ਇਸ ਇਲਾਕੇ ਵਿੱਚ ਬੁੱਢਾ ਦਰਿਆ ਦੇ ਕੰਢੇ ਇੱਕ ਵੱਡੀ ‘ਏ’ ਕੇਟਾਗਰੀ ਦੀ ਕਾਗਜ਼ ਮਿੱਲ ਲਾਉਣ ਦੇ ਪ੍ਰਸਤਾਵ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਇਸਨੂੰ ਵਾਤਾਵਰਣੀ ਕਲੀਅਰੈਂਸ ਨਾ ਦੇਣ ਦੀ ਮੰਗ ਕੀਤੀ ਹੈ। ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਇਹ ਥਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਦੇ ਬਹੁਤ ਨੇੜੇ ਹੈ।
ਇਹ ਬੁੱਢਾ ਦਰਿਆ ਨੂੰ ਹੋਰ ਜ਼ਹਿਰੀਲਾ ਕਰ ਸਕਦੀ ਹੈ, ਜੋ ਪਹਿਲਾਂ ਹੀ ਹੇਠਾਂ ਦੇ ਹਿੱਸਿਆਂ ਵਿੱਚ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੈ।
ਇਹ ਪ੍ਰੋਜੈਕਟ ਸਰਹਿੰਦ ਨਹਿਰ ਤੋਂ 200 ਮੀਟਰ ਦੇ ਅੰਦਰ ਹੈ ਜੋ 1.5 ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਪ੍ਰਦਾਨ ਕਰਦੀ ਹੈ। ਪੇਪਰ ਮਿੱਲ ਨੂੰ ਹਰ ਰੋਜ਼ 1.5 ਕਰੋੜ ਲੀਟਰ ਤਾਜ਼ੇ ਪਾਣੀ ਦੀ ਲੋੜ ਹੁੰਦੀ ਹੈ ਜੋ ਇਹ ਰਸਾਇਣਾਂ ਨਾਲ ਪ੍ਰਦੂਸ਼ਿਤ ਕਰੇਗੀ ਅਤੇ ਸਾਡੇ ਖੇਤਰ ਵਿੱਚ ਛੱਡੇਗੀ। ਜ਼ਮੀਨ ਹੇਠਲੇ ਪਾਣੀ, ਹਵਾ ਅਤੇ ਸਿਹਤ ਉੱਤੇ ਸਿੱਧਾ ਖਤਰਾ ਹੈ। ਕੋਈ ਚੱਜ ਦਾ ਵਾਤਾਵਰਣੀ ਜਾਂ ਸੰਸਕ੍ਰਿਤਕ ਪ੍ਰਭਾਵ ਅਧਿਐਨ ਨਹੀਂ ਕੀਤਾ ਗਿਆ । ਪ੍ਰੋਜੈਕਟ ਇਲਾਕਾ ਨਾ ਤਾਂ ਉਦਯੋਗਿਕ ਹੈ ਤੇ ਨਾ ਹੀ ਇਹੋ ਜਿਹੇ ਕੰਮ ਲਈ ਢੁਕਵਾਂ ਹੈ
ਪੰਜਾਬ ਦੇ ਰਾਜਪਾਲ ਨੂੰ ਮੈਮੋਰੈਂਡਮ ਵਿੱਚ ਇਹ ਕਿਹਾ ਗਿਆ:
“ਇਹ ਸਿਰਫ਼ ਪ੍ਰਦੂਸ਼ਣ ਦਾ ਮਾਮਲਾ ਨਹੀਂ। ਇਹ ਸਾਡੇ ਧਰਮ, ਇਤਿਹਾਸ ਅਤੇ ਇਨਸਾਫ਼ ਦਾ ਮਾਮਲਾ ਹੈ। ਚਮਕੌਰ ਸਾਹਿਬ ਇਕ ਪਵਿੱਤਰ ਧਰਤੀ ਹੈ, ਨਾਂ ਕਿ ਜ਼ਹਿਰੀਲੇ ਉਦਯੋਗਾਂ ਲਈ ਥਾਂ ਹੈ ।
ਮੈਮੋਰੈਂਡਮ ਵਿੱਚ ਰਾਜਪਾਲ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਪ੍ਰੋਜੈਕਟ ਨੂੰ ਵਾਤਾਵਰਣੀ ਮਨਜ਼ੂਰੀ ਨਾ ਦੇਣ ਦੀ ਸਿਫਾਰਸ਼ ਕਰਨ। ਬੁੱਢਾ ਦਰਿਆ ਅਤੇ ਇਤਿਹਾਸਕ ਸ਼ਹਿਰਾਂ ਦੇ ਨੇੜੇ ਲਾਲ-ਕੇਟਾਗਰੀ ਉਦਯੋਗਾਂ ਉੱਤੇ ਰੋਕ ਲਗਾਈ ਜਾਵੇ
3. ਉਦਯੋਗਿਕ ਸਾਈਟਿੰਗ ਨੀਤੀਆਂ ਦੀ ਪੁਨਰਸਮੀਖਿਆ ਕਰਵਾਈ ਜਾਵੇ
ਇਹ ਵੀ ਉਲੇਖ ਕੀਤਾ ਗਿਆ ਕਿ ਰਾਜਪਾਲ ਸਾਹਿਬ ਰਾਜਸਥਾਨ ਨਾਲ ਸੰਬੰਧਤ ਹਨ, ਜਿੱਥੇ ਬੁੱਢਾ ਦਰਿਆ ਸਤਲੁੱਜ ਰਾਹੀਂ ਪਹੁੰਚਦਾ ਹੈ ਪ੍ਰਦੂਸ਼ਣ ਦੇ ਗੰਭੀਰ ਨਤੀਜੇ ਉੱਥੇ ਵੀ ਮਹਿਸੂਸ ਕੀਤੇ ਜਾ ਰਹੇ ਹਨ।
ਮੈਮੋਰੈਂਡਮ ਦੇ ਅੰਤ ਵਿੱਚ ਲਿਖਿਆ ਗਿਆ:
“ਅਸੀਂ ਵਿਕਾਸ ਦੇ ਵਿਰੋਧੀ ਨਹੀਂ। ਅਸੀਂ ਜ਼ਿੰਮੇਵਾਰ ਵਿਕਾਸ ਦੇ ਹਕ ਵਿੱਚ ਹਾਂ ਜੋ ਸਾਡੇ ਦਰਿਆਵਾਂ, ਸਿਹਤ, ਵਾਤਾਵਰਨ, ਆਉਣ ਵਾਲੀਆਂ ਪੀੜ੍ਹੀਆਂ ਅਤੇ ਇਤਿਹਾਸ ਦਾ ਆਦਰ ਕਰੇ।”