ਵੱਡੀ ਖ਼ਬਰ: ਸਰਕਾਰੀ ਬੱਸ ਚੋਰੀ ਕਰਨ ਵਾਲਾ ਲੰਬੂ ਪੁਲਿਸ ਨੇ ਦਬੋਚਿਆ
ਬਠਿੰਡਾ ਪੁਲਿਸ ਨੇ 48 ਘੰਟਿਆਂ ਵਿੱਚ ਦਬੋਚਿਆ ਬੱਸ ਚੋਰੀ ਕਰਨ ਦੇ ਮਾਮਲੇ ਵਿੱਚ ਲੰਬੂ
ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ 2025 : ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਅਧੀਨ ਪੈਂਦੇ ਮੌੜ ਵਿਖੇ ਪੀ.ਆਰ.ਟੀ.ਸੀ. ਬੱਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ 48 ਘੰਟਿਆਂ ‘ਚ ਮਾਮਲੇ ਦੀ ਮੁਕੰਮਲ ਜਾਂਚ ਉਪਰੰਤ ਸ਼ੱਕ ਦੇ ਅਧਾਰ 'ਤੇ ਅਮਨਿੰਦਰ ਸਿੰਘ ਉਰਫ ਲੰਬੂ ਪੁੱਤਰ ਬਲਬੀਰ ਸਿੰਘ ਵਾਸੀ ਆਸਾ ਪੱਟੀ, ਮੌੜ ਮੰਡੀ (ਉਮਰ 38 ਸਾਲ) ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਮੌੜ ਵਿੱਚ ਦਰਜ ਪੀ.ਆਰ.ਟੀ.ਸੀ. ਬੱਸ ਚੋਰੀ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਥਾਣਾ ਮੌੜ ਅਤੇ ਸੀ.ਆਈ.ਏ. ਸਟਾਫ-2 ਬਠਿੰਡਾ ਦੀਆਂ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ, ਟੀਮਾਂ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਅਤੇ ਹੋਰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਕਬਜ਼ੇ ਵਿੱਚੋਂ ਕੁਝ ਚਾਬੀਆਂ (ਜੋ ਪੀ.ਆਰ.ਟੀ.ਸੀ. ਬੱਸ ਦੀਆਂ ਚਾਬੀਆਂ ਵਰਗੀ ਹਨ) ਅਤੇ ਇੱਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ। ਬਠਿੰਡਾ ਪੁਲਿਸ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ 112 'ਤੇ ਦੇਣ ਤਾਂ ਜੋ ਸ਼ਹਿਰ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
Click to Follow Babushahi Facebook page →