ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ 79 ਤਸਕਰ ਗ੍ਰਿਫਤਾਰ
‘ਨਸ਼ਾ ਛੁਡਾਉਣ’ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 42 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਕੀਤਾ ਰਾਜ਼ੀ
ਚੰਡੀਗੜ੍ਹ, 20 ਸਤੰਬਰ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸਿ਼ਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸਿ਼ਆਂ ਵਿਰੁੱਧ” ਦੇ ਲਗਾਤਾਰ 203ਵੇਂ ਦਿਨ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ 357 ਥਾਵਾਂ `ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ 79 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਰਾਜ ਭਰ ਵਿੱਚ 56 ਐਫਆਈਆਰਜ਼ ਦਰਜ ਕੀਤੀਆਂ ਗਈਆਂ। ਇਸ ਦੇ ਨਾਲ, 203 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 30,298 ਹੋ ਗਈ ਹੈ। ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 11.4 ਕਿਲੋ ਹੈਰੋਇਨ, 644 ਗ੍ਰਾਮ ਅਫੀਮ, 814 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 4.29 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ ਵੀ ਕੀਤਾ ਹੈ।
69 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 150 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 357 ਥਾਵਾਂ ਤੇ ਛਾਪੇਮਾਰੀ ਕੀਤੀ ਹੈ । ਪੁਲਿਸ ਟੀਮਾਂ ਨੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 389 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵੀ ਕੀਤੀ ਹੈ। ਸੂਬਾ ਸਰਕਾਰ ਨੇ ਰਾਜ ਵਿੱਚੋਂ ਨਸਿ਼ਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ - ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ - ਲਾਗੂ ਕੀਤੀ ਹੈ, ਪੰਜਾਬ ਪੁਲਿਸ ਨੇ `ਨਸ਼ਾ ਛੁਡਾਉਣ` ਦੇ ਹਿੱਸੇ ਵਜੋਂ ਅੱਜ 42 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।
ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼- DGP
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਵਿਦੇਸ਼ੀ ਹੈਂਡਲਰ ਹਰਪਾਲ ਸਿੰਘ ਦੁਆਰਾ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸਦੇ ਇੱਕ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸਦੇ ਕਬਜ਼ੇ ਵਿੱਚੋਂ 5.032 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨਦੀਪ ਸਿੰਘ, ਵਾਸੀ ਬਹਿੜਵਾਲ, ਅੰਮ੍ਰਿਤਸਰ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਵਨਦੀਪ ਨੇ ਦੱਸਿਆ ਕਿ ਉਹ ਆਪਣੇ ਵਿਦੇਸ਼ ਅਧਾਰਤ ਹੈਂਡਲਰ ਹਰਪਾਲ ਸਿੰਘ, ਜੋ ਕਿ ਅੰਮ੍ਰਿਤਸਰ ਦੇ ਪਿੰਡ ਕੋਹਾਲਾ ਦਾ ਵਾਸੀ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ, ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਹਰਪਾਲ ਸਿੰਘ ਸਿੱਧੇ ਤੌਰ 'ਤੇ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਜ਼ਰੀਏ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਕਈ ਖੇਪਾਂ ਨੂੰ ਭਾਰਤ ਪਹੁੰਚਾਉਣ ਦਾ ਪ੍ਰਬੰਧ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪਾਲ ਸਿੰਘ, ਜੋ ਕਿ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ, ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਵਿਦੇਸ਼ ਸੈਟਲ ਹੋਣ ਤੋਂ ਬਾਅਦ ਉਹ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ ਸੀ। ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਨੂੰ ਪਿੰਡ ਧਨੋਏ ਕਲਾਂ, ਅੰਮ੍ਰਿਤਸਰ ਨੇੜੇ ਪੈਂਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਤੋਂ ਨਸ਼ਿਆਂ ਦੀ ਖੇਪ ਪ੍ਰਾਪਤ ਕਰਨ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਸ਼ੱਕੀ ਪਵਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਪਿੰਡ ਬਹਿੜਵਾਲ ਨੇੜੇ ਉਸ ਵੇਲੇ ਕਾਬੂ ਕਰ ਲਿਆ, ਜਦੋਂ ਉਹ ਅੱਗੇ ਕਿਸੇ ਪਾਰਟੀ ਨੂੰ ਖੇਪ ਪਹੁੰਚਾਉਣ ਜਾ ਰਿਹਾ ਸੀ ਅਤੇ ਉਸਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਇਸ ਮਾਮਲੇ ਵਿੱਚ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਸਮੁੱਚੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਸਬੰਧੀ ਕੇਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਤਹਿਤ ਐਫਆਈਆਰ ਨੰਬਰ 52 ਮਿਤੀ 19-09-2025 ਨੂੰ ਦਰਜ ਕੀਤਾ ਗਿਆ ਹੈ।