ਵੇਰਕਾ ਪਿੰਡ ਨੇ ਵੱਡੀ ਮਿਸਾਲ ਪੇਸ਼ ਕਰਦਿਆਂ ਪੂਰੇ ਪਿੰਡ ਨੂੰ ਲਿਆ ਗੋਦ
250 ਕਿੱਲੇ ਜਮੀਨ ਪੱਧਰੀ ਕਰਨ ,ਬਿਜਾਈ ਕਰਨ ,ਖਾਦਾਂ ਪਾਉਣ ਅਤੇ ਵਾਢੀ ਕਰਨ ਦੇ ਨਾਲ ਨਾਲ ਖੇਤੀ ਦੇ ਆਧੁਨਿਕਰਨ ਅਤੇ ਪਿੰਡ ਵਾਲਿਆਂ ਨੂੰ ਸਵਰੋਜਗਾਰ ਕਿਤਿਆਂ ਦੇਵੀ ਦੇ ਰਹੇ ਸਿਖਲਾਈ
ਰੋਹਿਤ ਗੁਪਤਾ
ਗੁਰਦਾਸਪੁਰ 13 ਨਵੰਬਰ 2025 ਵੇਰਕਾ ਪਿੰਡ ਦੇ ਵਾਸੀਆਂ ਨੇ ਵੱਡੀ ਮਿਸਾਲ ਪੇਸ਼ ਕਰਦਿਆਂ ਹੜਾਂ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਪੂਰੇ ਦੇ ਪੂਰੇ ਪਿੰਡ ਨੂੰ ਗੋਦ ਲੈ ਕੇ ਮੁੜ ਵਸਾਉਣ ਦਾ ਬੀੜਾ ਚੁੱਕ ਲਿਆ ਹੈ। ਇਸ ਮੁੜ ਵਸੇਵਾਂ ਪ੍ਰੋਗਰਾਮ ਤਹਿਤ ਜ਼ਿਲ੍ਾ ਗੁਰਦਾਸਪੁਰ ਦੇ ਪਿੰਡ ਕੋਟਲਾ ਮੁਗਲਾ ਦੀ 250 ਏਕੜ ਜਮੀਨ ਪੱਧਰੀ ਕਰਕੇ ਉਸ ਕਣਕ ਤੇ ਬਿਜਾਈ ਤਾਂ ਕਰ ਦਿੱਤੀ ਗਈ ਹੈ ਪਰ ਉਸ ਵਿੱਚ ਖਾਦਾਂ, ਯੂਰੀਆ ਆਦਿ ਪਾਉਣ ਅਤੇ ਕਟਾਈ ਕਰਨ ਦਾ ਕੰਮ ਵੀ ਵੇਰਕਾ ਪਿੰਡ ਦੇ ਵਸਨੀਕਾ ਵੱਲੋਂ ਹੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਪਿੰਡ ਦੇ ਵਾਸੀਆਂ ਨੂੰ ਤਕਨੀਕੀ ਖੇਤੀ ਅਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤਾਂ ਜ਼ੋ ਹੜਾਂ ਦੇ ਹਾਲਾਤ ਤੋਂ ਨਿਪਟਣ ਤੋਂ ਬਾਅਦ ਜਲਦੀ ਤੋਂ ਜਲਦੀ ਇਸ ਪਿੰਡ ਦੇ ਲੋਕ ਆਪਣਾ ਰੋਜ਼ਗਾਰ ਕਮਾਉਣ ਵਿੱਚ ਕਾਮਯਾਬ ਹੋ ਸਕਣ ।
ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ,ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਪਿੰਡ ਵੇਰਕਾ ਦੇ ਸਾਂਝੇ ਉਪਰਾਲੇ ਸਦਕਾ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਡਾਕਟਰ ਆਰ ਐਸ ਛੀਨਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਉਹਨਾਂ ਨੇ ਕਣਕ ਬਜਾਈ ਦੀਆਂ ਵੱਖ ਵੱਖ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾਕਟਰ ਨਰਿੰਦਰਦੀਪ ਸਿੰਘ, ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਖੇਤੀ ਖਰਚ ਘਟਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਸਾਨ ਵੀਰਾਂ ਨੂੰ ਦੱਸਿਆ ਕਿ ਅਸੀਂ ਸੰਯੁਕਤ ਪਰਨਾਲ ਰਾਹੀਂ ਆਪਣੇ ਨਿੱਜੀ ਖਰਚੇ ਘਟਾ ਸਕਦੇ ਹਾਂ।
ਡਾਕਟਰ ਸਤਵਿੰਦਰ ਕੌਰ ਜੀ ਨੇ ਭੂਮੀ ਦੀ ਸਾਂਭ ਸੰਭਾਲ ਅਤੇ ਸਮੁੱਚੇ ਖਾਦ ਪ੍ਰਬੰਧ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ। ਡਾਕਟਰ ਹਰਪ੍ਰੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਨਦੀਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਡਾਕਟਰ ਰਾਜਵਿੰਦਰ ਕੌਰ ਨੇ ਕਣਕ ਵਿੱਚ ਆਉਣ ਵਾਲੇ ਕੀਟ ਅਤੇ ਪੋਦ ਸੁਰੱਖਿਆ ਸੰਬੰਧੀ ਨੁਕਤੇ ਸਾਂਝੇ ਕੀਤੇ। ਇਸ ਤੋਂ ਬਾਅਦ ਡਾਕਟਰ ਸਰਵਪ੍ਰੀਆ ਸਿੰਘ ਨੇ ਸਬਜੀਆਂ ਦੀ ਘਰੇਲੂ ਬਗੀਚੀ, ਫਾਲਦਾਰ ਬੂਟੇ ਅਤੇ ਖੁੰਬਾ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਮੁਸ਼ਤਰਕਾ ਮਾਲਕਣ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ ਵਲੋਂ ਵਲੋਂ ਦੱਸਿਆ ਗਿਆ ਕਿ ਮੁਸ਼ਤਰਕਾ ਮਾਲਕਣ ਕਮੇਟੀ ਅਤੇ ਨਗਰ ਵਾਸੀ ਪਿੰਡ ਵੇਰਕਾ ਵਲੋਂ ਕੋਟਲਾ ਮੁਗਲਾਂ ਪਿੰਡ ਦੀ 250 ਏਕੜ ਜ਼ਮੀਨ ਹੜ੍ਹ ਪੁਨਰਵਾਸ ਪ੍ਰੋਗਰਾਮ ਤਹਿਤ ਕਣਕ ਦੀ ਬਿਜਾਈ ਤੋਂ ਕਣਕ ਦੀ ਕਟਾਈ ਤੱਕ ਗੋਦ ਲਈ ਗਈ ਹੈ। ਇਸ ਵਿੱਚ ਡੀਜ਼ਲ, ਖਾਦ, ਬੀਜ, ਨਦੀਨਨਾਸ਼ਕ, ਬੀਜ ਦੀ ਸੋਧ ਲਈ ਦਵਾਈ, ਬੂਮ ਸਪਰੇਅਰ ਅਤੇ ਕਣਕ ਦੀ ਕਟਾਈ ਦਾ ਸਾਰਾ ਖਰਚਾ ਪਿੰਡ ਵੇਰਕਾ ਵਲੋਂ ਕੀਤਾ ਜਾ ਰਿਹਾ ਹੈ। ਅੰਤ ਵਿੱਚ ਵੇਰਕਾ ਦੀ ਸਮੁੱਚੀ ਟੀਮ ਨੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਯੂਨੀਵਰਸਿਟੀ ਨਾਲ ਵੱਧ ਤੋਂ ਵੱਧ ਰਾਬਤਾ ਰੱਖਣ ਲਈ ਕਿਹਾ।