ਮੌਤ ਦੇ ਮੂੰਹ ਵਿੱਚ ਫਸੇ ਨੌਜਵਾਨ ਦੇ ਪਰਿਵਾਰ ਨੇ ਸੰਤ ਸੀਚੇਵਾਲ ਕੋਲ ਲਾਈ ਮਦਦ ਦੀ ਗੁਹਾਰ
* ਕੋਲੰਬੀਆ ਦੇ ’ਚ ਜੰਗਲਾਂ ਡੌਕਰਾਂ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਦਰਦਨਾਕ ਤਸੀਹੇ : ਪੀੜਤ ਪਰਿਵਾਰ
* ਵੀਡੀਓਜ਼ ਵਾਇਰਲ ਕਰਕੇ ਪਰਿਵਾਰਾਂ ਕੋਲੋਂ ਮੰਗੇ ਜਾ ਰਹੇ ਨੇ ਲੱਖਾਂ ਰੁਪਈਏ
* ਸੰਤ ਸੀਚੇਵਾਲ ਨੇ ਕੈਨੇਡਾ ਤੋਂ ਵਿਦੇਸ਼ ਮੰਤਰਾਲੇ ਨਾਲ ਕੀਤਾ ਸੰਪਰਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 05 ਜੁਲਾਈ 2025 - ਕੋਲੰਬੀਆਂ ਦੇ ਜੰਗਲਾਂ ਵਿੱਚ ਡੌਕਰਾਂ ਤੋਂ ਜਾਨ ਬਚਾ ਕੇ ਨਿਕਲੇ 25 ਸਾਲਾਂ ਨੌਜਵਾਨ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਰੌਂਗੰਟੇ ਖੜੇ ਕਰਨ ਵਾਲੀ ਘਟਨਾ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਅਮਰੀਕਾ ਲਈ ਭੇਜਿਆ ਸੀ। ਪਰ ਏਜੰਟਾਂ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਡੌਕਰਾਂ ਹਵਾਲੇ ਕਰ ਦਿੱਤਾ, ਜਿਨ੍ਹਾਂ ਵੱਲੋਂ ਉਹਨਾਂ ਨੂੰ 5 ਮਹੀਨੇ ਤੱਕ ਬੰਦੀ ਬਣਾ ਕਿ ਰੱਖਿਆ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਡੌਕਰਾਂ ਨੇ ਤਿੰਨ ਨੌਜਵਾਨਾਂ ਨੂੰ ਤਾਂ ਤਸੀਹੇ ਦੇ-ਦੇ ਕੇ ਮਾਰ ਦਿੱਤਾ। ਜਿਨ੍ਹਾਂ ਦੀ ਕੁੱਝ ਸਮਾਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈਆਂ। ਉਹਨਾਂ ਦੱਸਿਆ ਕਿ ਡੋਕਰਾਂ ਵੱਲੋਂ ਉਨ੍ਹਾਂ ਦੇ ਮੁੰਡੇ ਬਲਵਿੰਦਰ ਨੂੰ ਗੋਲੀ ਮਾਰਨ ਦੇ ਆਰਡਰ ਦਿੱਤੇ ਗਏ ਸੀ ਪਰ ਉਹ ਉਥੋਂ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਨੇ ਉੱਥੋਂ 600 ਕਿਲੋਮੀਟਰ ਦਾ ਸਫਰ ਕਰਕੇ ਇੱਕ ਸ਼ਹਿਰ ਵਿੱਚ ਪਹੁੰਚ ਕਿ 5 ਮਹੀਨੇ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਸਾਰੇ ਹਲਾਤਾਂ ਬਾਰੇ ਦੱਸਿਆ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਿਵੇਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਕੈਨੇਡਾ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਫੋਨ ਤੇ ਸੰਪਰਕ ਕੀਤਾ। ਜਿਹਨਾਂ ਤੁਰੰਤ ਕਾਰਵਾਈ ਕਰਦਿਆ ਹੋਇਆ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਕੋਲੰਬੀਆ ਤੋਂ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਹੈ। ਮਦੱਦ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਬਲਵਿੰਦਰ ਦੀ ਮਾਂ ਨੇ ਦੱਸਿਆ ਕਿ ਬਲਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਤੇ ਉਸਦਾ ਪਿਤਾ ਬਿਮਾਰ ਰਹਿੰਦਾ ਹੈ।
ਬਲਵਿੰਦਰ ਸਿੰਘ ਦੀ ਮਾਤਾ ਅਤੇ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਲਵਿੰਦਰ ਨਾ ਤਾਂ ਅਮਰੀਕਾ ਪਹੁੰਚਿਆ ਤੇ ਪਿੱਛੇ ਟ੍ਰੈਵਲ ਏਜੰਟਾਂ ਨੇ ਉਹਨਾਂ ਦਾ ਘਰ ਵੀ ਵਿਕਵਾ ਦਿੱਤਾ ਤੇ ਜ਼ਮੀਨ ਉਨ੍ਹਾਂ ਦੀ ਜ਼ਮੀਨ ਪਹਿਲਾਂ ਹੀ ਕੌਡੀਆਂ ਦੇ ਭਾਅ ਵਿਕ ਗਈ ਸੀ। ਜਦੋਂ ਟ੍ਰੈਵਲ ਏਜੰਟਾਂ ਨੂੰ ਪੈਸੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਚਾਰ ਏਜੰਟਾਂ ਨੇ ਰਲ ਕੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਸੀ। ਏਜੰਟਾਂ ਨੇ 32 ਲੱਖ ਰੁਪਏ ਮੰਗੇ ਸਨ ਪਰ ਆਖੀਰ ਵਿੱਚ ਗੱਲ 28 ਲੱਖ ‘ਤੇ ਨਿਬੜ ਗਈ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਬਲਵਿੰਦਰ ਜੁਲਾਈ 2024 ਵਿੱਚ ਘਰ ਤੋਂ ਸਿੱਧਾ ਅਮਰੀਕਾ ਜਾਣ ਲਈ ਤੁਰਿਆ ਸੀ। ਪਰ ਏਜੰਟਾਂ ਵੱਲੋਂ ਉਸਨੂੰ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਧੋਖੇ ਨਾਲ ਉਸਨੂੰ ਵੱਖ-ਵੱਖ ਦੇਸ਼ਾਂ ਵਿੱਚੋਂ ਦੀ ਦੋ ਮਹੀਨਿਆਂ ਬਾਅਦ ਕੋਲੰਬੀਆ ਪਹੁੰਚਾ ਦਿੱਤਾ। ਜਿੱਥੇ ਉਸਨੂੰ ਅੱਗੇ ਦੇ ਸਫਰ ਲਈ ਡੌਕਰਾਂ ਹਵਾਲੇ ਕਰ ਦਿੱਤਾ। ਉਸ ਉਥੇ ਹੀ ਚਾਰ ਨੌਜਵਾਨ ਹੋਰ ਮਿਲੇ ਸਨ ਜੋ ਪੰਜਾਬ ਤੇ ਹਰਿਆਣੇ ਤੋਂ ਸਨ। ਡੌਂਕਰਾਂ ਨੇ ਉਹਨਾਂ ਨੂੰ ਪੰਜ ਮਹੀਨੇ ਤੱਕ ਕੋਲੰਬੀਆਂ ਦੇ ਜੰਗਲਾਂ ਵਿੱਚ ਬੰਦੀ ਬਣਾ ਕੇ ਰੱਖਿਆ ਅਤੇ ਫੋਨ ਤੇ ਪਾਸਪੋਰਟ ਖੋਹ ਲਏ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡੌਕਰ ਉਨ੍ਹਾਂ ਕੋਲੋ ਲੱਖਾਂ ਰੁਪਏ ਹੋਰ ਮੰਗ ਕਰ ਰਹੇ ਸਨ। ਜਿਸ ਲਈ ਡੋਕਰਾਂ ਵੱਲੋਂ ਪਰਿਵਾਰ ਵਾਲ਼ਿਆਂ ਕੋਲੋਂ ਪੈਸੇ ਨਿਕਲਵਾਉਣ ਲਈ ਉਸਦੇ ਸਾਥੀਆਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਪਰਿਵਾਰ ਨੇ ਦੱਸਿਆ ਕਿ ਉੱਥੇ ਨੌਜਵਾਨਾਂ ਦੇ ਪਲਾਸਟਿਕ ਦੇ ਲਿਫਾਫਿਆ ਨਾਲ ਬੰਨ੍ਹ ਕਿ ਲੋਹੇ ਦੀਆਂ ਗਰਮ ਰਾਡਾਂ ਨੰਗੇ ਸਰੀਰ ਤੇ ਲਗਾਈਆਂ ਗਈਆਂ, ਪਲਾਸਟਿਕ ਪਿਘਲਾ ਕਿ ਸਰੀਰ ਤੇ ਪਾਈ ਗਈ ਅਤੇ ਸਰੀਰ ਤੇ ਥਾਂ-ਥਾਂ ਤੇ ਬਲੇਡ ਮਾਰੇ ਗਏ। ਉਹਨਾਂ ਦੇ ਤੜਫਨ ਦੀ ਅਵਾਜ਼ ਦੀ ਬਲਵਿੰਦਰ ਨੂੰ ਨਾਲ ਦੇ ਕਮਰੇ ਤੱਕ ਆਉਂਦੀ ਰਹੀ।
ਇਸ ਮੌਕੇ ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਇਸ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਇਸਦੇ ਨਾਲ ਹੀ ਉਹਨਾਂ ਵੱਲੋਂ ਕੋਲੰਬੀਆ ਵਿਚਲੇ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਤੇ ਬਲਵਿੰਦਰ ਦੀ ਸੁਰੱਖਿਅਤ ਵਾਪਸੀ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕਰਕੇ ਦਿੱਤੇ।