ਮੁਸਲਿਮ ਭਾਈਚਾਰੇ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਨੂੰ ਸੌਂਪਿਆ 62 ਹਜ਼ਾਰ ਦਾ ਚੈੱਕ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2025 : ਆਪਸੀ ਭਾਈਚਾਰਕ ਸਾਂਝ ਨਾਲ ਹੀ ਸਮਾਜ ਦੀ ਤਰੱਕੀ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡੀਸੀ ਸ਼੍ਰੀ ਰਾਜੇਸ਼ ਧੀਮਾਨ ਨੇ ਮੁਸਿਲਮ ਹਿਊਮਨ ਵੈਲਫੇਅਰ ਸੁਸਾਇਟੀ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮਦਦ ਲਈ 62 ਹਜ਼ਾਰ ਰੁਪਏ ਦਾ ਚੈਕ ਭੇਂਟ ਕਰਨ ਉਪਰੰਤ ਕੀਤਾ। ਇਸ ਮੌਕੇ ਡੀਸੀ ਨੇ ਮੁਸਲਿਮ ਭਾਈਚਾਰੇ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮਦਦ ਕਰਨ ‘ਤੇ ਜਿਥੇ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਇਸ ਨੇਕ ਕਾਰਜ ਨੂੰ ਸ਼ਲਾਘਯੋਗ ਉਪਰਾਲਾ ਵੀ ਦੱਸਿਆ।
ਇਸ ਦੌਰਾਨ ਡੀਸੀ ਨੇ ਮੁਸਲਿਮ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਸਾਨੀਅਤ ਰੂਪ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਕੀਤੀ ਇਹ ਮਦਦ ਸਮਾਜ ਲਈ ਇੱਕ ਬਹੁਤ ਚੰਗਾ ਸੁਨੇਹਾ ਹੈ। ਇਸ ਦੌਰਾਨ ਮੁਸਿਲਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਤੇ ਬਰਸਾਤੀ ਪਾਣੀ ਦੇ ਮੱਦੇਨਜ਼ਰ ਇਨਸਾਨੀਅਤ ਦਾ ਸਬੂਤ ਦਿੰਦਿਆਂ ਮੁਸਲਿਮ ਭਾਈਚਾਰੇ ਵਲੋਂ ਪ੍ਰੋਫੇਤ ਮੁਹੰਮਦ ਸਾਹਿਬ ਦਾ ਜਨਮ ਦਿਹਾੜੇ ਦਾ ਜਲੂਸ ਦੇ ਰੂਪ ਵਿੱਚ ਨਾ ਮਨਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਚੈੱਕ ਭੇਂਟ ਕਰਕੇ ਮਦਦ ਕੀਤੀ ਹੈ। ਉਨ੍ਹਾਂ ਡੀਸੀ ਨੂੰ ਵਿਸ਼ਵਾਸ਼ ਦਿਵਾਉਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਭਵਿੱਖ ਵਿੱਚ ਵੀ ਲੋੜ ਪੈਣ ‘ਤੇ ਇਸ ਤਰ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਮੁਸਿਲਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਲੀਮ ਮੁਹੰਮਦ, ਜਨਰਲ ਸਕੱਤਰ ਵਕੀਲ ਖਾਨ, ਇਮਰਾਨ ਖਾਨ ਤੇ ਹੋਰ ਸਖਸ਼ੀਅਤਾਂ ਆਦਿ ਹਾਜ਼ਰ ਸਨ।