ਮਾਨਸਾ ਵਿਖੇ ਲੱਗੇ ਸਰਸ ਮੇਲੇ ਦੌਰਾਨ ਬੀਬੀਆਂ ਦੇ ਯਤਨਾਂ ਸਦਕਾ ਉੱਦਮੀਆਂ ਲਈ ਖੁੱਲ੍ਹੇ ਨਵੇਂ ਰਾਹ
ਅਸ਼ੋਕ ਵਰਮਾ
ਮਾਨਸਾ, 17 ਮਾਰਚ 2026:ਮਾਨਸਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਬਣਾਇਆ ਗਿਆ ‘ਨੈਚੁਰਲ ਡ੍ਰੌਪਸ ਆਜੀਵਿਕਾ ਸੈਲਫ ਹੈਲਪ ਗਰੁੱਪ’ ਅੱਜ ਕੱਲ੍ਹ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਿਯੋਗ ਸਦਕਾ, ਮਾਨਸਾ ਦੀ ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਵਿੱਚ ਇਸ ਗਰੁੱਪ ਵੱਲੋਂ ਲਗਾਈ ਗਈ ਵਿਸ਼ੇਸ਼ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿੱਥੇ ਰੋਜ਼ਾਨਾ ਲਗਭਗ 30 ਤੋਂ 35 ਹਜ਼ਾਰ ਰੁਪਏ ਦੇ ਸ਼ੁੱਧ ਖੇਤੀ ਉਤਪਾਦਾਂ ਦੀ ਵਿਕਰੀ ਹੋ ਰਹੀ ਹੈ।
ਗਰੁੱਪ ਦੀ ਅਗਵਾਈ ਕਰ ਰਹੇ ਅਗਾਂਹਵਧੂ ਕਿਸਾਨ ਸੁਖਜੀਤ ਸਿੰਘ ਦੀ ਸਟਾਲ ਉੱਤੇ ਮੌਜੂਦ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਾਰਥਕ ਮੰਚ ਸਦਕਾ ਉਨ੍ਹਾਂ ਦੇ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗਰੁੱਪ ਪੂਰੀ ਤਰ੍ਹਾਂ ਜ਼ਹਿਰ ਮੁਕਤ ਅਤੇ ਜੈਵਿਕ ਖੇਤੀ ਨੂੰ ਸਮਰਪਿਤ ਹੈ। ਮੰਡੀ ਵਿੱਚ ਲੱਗੇ ਇਸ ਸਟਾਲ 'ਤੇ ਮਿਲਟਸ (ਬਾਜਰਾ, ਕੋਧਰਾ ਆਦਿ) ਦਾ ਆਟਾ, ਮਿਲਟ ਬਿਸਕੁਟ, ਸ਼ੁੱਧ ਹਲਦੀ ਪਾਊਡਰ, ਜੈਵਿਕ ਮਸਾਲੇ, ਤੇਲ ਅਤੇ ਦੇਸੀ ਗੁੜ ਵਰਗੀਆਂ ਵਸਤੂਆਂ ਲੋਕਾਂ ਨੂੰ ਸਿੱਧੇ ਤੌਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕਿਸਾਨਾ ਨੇ ਦੱਸਿਆ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਸੁਪਰ ਸੀਡਰ ਅਤੇ ਬੈੱਡ ਪਲਾਂਟਿੰਗ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਜ਼ਮੀਨ ਵਿੱਚ ਹੀ ਵਾਹ ਕੇ ਖੇਤੀ ਕਰ ਰਹੇ ਹਨ, ਜਿਸ ਨਾਲ ਖੇਤੀ ਖਰਚੇ ਘਟੇ ਹਨ ਅਤੇ ਆਮਦਨ ਵਿੱਚ 20 ਤੋਂ 30 ਫੀਸਦੀ ਦਾ ਵਾਧਾ ਹੋਇਆ ਹੈ। ਕੱਚੀ ਫ਼ਸਲ ਵੇਚਣ ਦੀ ਬਜਾਏ ਉਸ ਦੀ ਪ੍ਰੋਸੈਸਿੰਗ ਕਰਕੇ ਉਤਪਾਦ ਤਿਆਰ ਕਰਨ ਨਾਲ ਕਿਸਾਨ ਹੁਣ ਸਿੱਧੇ ਤੌਰ 'ਤੇ ਵਪਾਰੀ ਬਣ ਰਹੇ ਹਨ।
ਸੁਖਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਜਿਹੇ ਪਲੇਟਫਾਰਮ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਹੀ ਇਸ ਗਰੁੱਪ ਨੂੰ ਪਿਛਲੇ ਸਾਲ ਦਿੱਲੀ ਵਿਖੇ ਹੋਏ 44ਵੇਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਸੀ। ਅੱਜ ਇਸ ਗਰੁੱਪ ਦੇ ਉਤਪਾਦ ਕੈਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਨੇ ਇਸ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਰਵਾਇਤੀ ਖੇਤੀ ਦੇ ਨਾਲ-ਨਾਲ ਅਜਿਹੇ ਸਹਾਇਕ ਧੰਦਿਆਂ ਅਤੇ ਪ੍ਰੋਸੈਸਿੰਗ ਯੂਨਿਟਾਂ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਖੇਤੀ ਨੂੰ ਮੁਨਾਫ਼ੇ ਵਾਲਾ ਧੰਦਾ ਬਣਾਇਆ ਜਾ ਸਕੇ।
Click to Follow Babushahi Facebook page →