ਮਾਘੀ ਮੇਲੇ ਮੌਕੇ AAP ਦੀ ਸਿਆਸੀ ਕਾਨਫ਼ਰੰਸ: ਭਗਵੰਤ ਮਾਨ ਦਾ ਵਿਰੋਧੀਆਂ 'ਤੇ ਵੱਡਾ ਹਮਲਾ, ਕਿਹਾ- ਅਕਾਲੀ-ਕਾਂਗਰਸ ਨੇ ਪੰਜਾਬ ਨੂੰ ਨਰਕ ਵੱਲ ਧੱਕਿਆ
ਹੁਣ ਵਿਦੇਸ਼ਾਂ ਤੋਂ ਮੁੜਨਾ ਚਾਹੁੰਦੇ ਨੇ ਨੌਜਵਾਨ: ਭਗਵੰਤ ਮਾਨ
Babushahi Network
ਚੰਡੀਗੜ੍ਹ 14 ਜਨਵਰੀ 2026: ਮਾਘੀ ਮੇਲੇ ਮੌਕੇ ਸਿਆਸੀ ਕਾਨਫ਼ਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਮਿਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਸਦਕਾ ਹੁਣ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੌਜਵਾਨ ਵਾਪਸ ਆਪਣੇ ਸੂਬੇ ਵਿੱਚ ਆ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ, "ਮੈਨੂੰ ਵਿਦੇਸ਼ਾਂ ਤੋਂ ਨੌਜਵਾਨਾਂ ਦੇ ਫੋਨ ਆਉਂਦੇ ਹਨ ਕਿ ਅਸੀਂ ਪੰਜਾਬ ਮੁੜਨਾ ਚਾਹੁੰਦੇ ਹਾਂ। ਭਾਵੇਂ ਉਮਰ ਜ਼ਿਆਦਾ ਹੋਣ ਕਰਕੇ ਕਈਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ, ਪਰ ਅਸੀਂ ਉਨ੍ਹਾਂ ਨੂੰ ਸੂਬੇ ਵਿੱਚ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।"
ਸੁਖਬੀਰ ਬਾਦਲ 'ਤੇ ਤੰਜ ਕਸਦਿਆਂ ਮਾਨ ਨੇ ਕਿਹਾ ਕਿ ਇਹ ਲੋਕ ਇੰਟਰਵਿਊਆਂ ਵਿੱਚ ਤਾਂ ਇੱਕ-ਦੂਜੇ ਦੀਆਂ ਗਲਤੀਆਂ ਕੱਢਦੇ ਹਨ, ਪਰ ਇਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਇਨ੍ਹਾਂ ਦੀਆਂ ਨੀਤੀਆਂ ਕਰਕੇ ਜਨਤਾ ਦਾ ਨੁਕਸਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਭਗਵੰਤ ਮਾਨ ਨੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜੇ ਸੜਕਾਂ ਮੰਡੀਆਂ ਬਾਦਲ ਨੇ ਬਣਵਾਈਆਂ, ਤਾਂ ਬਰਗਾੜੀ ਵਿੱਚ ਜੋ ਹੋਇਆ ਉਹ ਵੀ ਬਾਦਲ ਨੇ ਹੀ ਕਰਵਾਇਆ ਸੀ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੋ ਕੰਮ ਪਿਛਲੀਆਂ ਪਾਰਟੀਆਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਉਨ੍ਹਾਂ ਦੀ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਕਰ ਵਿਖਾਇਆ ਹੈ। ਉਨ੍ਹਾਂ ਮੁਫ਼ਤ ਬਿਜਲੀ ਅਤੇ ਰੁਜ਼ਗਾਰ ਦੇ ਮੁੱਦਿਆਂ ਨੂੰ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ।
ਮਾਨ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਦਲ ਦੀ ਸਰਕਾਰ ਸੂਬੇ ਵਿੱਚ ਦੁਬਾਰਾ ਕਦੇ ਨਹੀਂ ਆ ਸਕਦੀ।
ਜਿੱਥੇ ਸੁਖਬੀਰ ਬਾਦਲ ਲਗਾਤਾਰ 'ਆਪ' ਸਰਕਾਰ ਨੂੰ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਦੱਸ ਕੇ ਘੇਰ ਰਹੇ ਹਨ, ਉੱਥੇ ਹੀ ਭਗਵੰਤ ਮਾਨ ਨੇ ਪੁਰਾਣੇ ਸਿਆਸੀ ਘਰਾਣਿਆਂ (ਬਾਦਲ ਅਤੇ ਕੈਪਟਨ) ਨੂੰ ਪੰਜਾਬ ਦੀ ਮੌਜੂਦਾ ਹਾਲਤ ਲਈ ਜ਼ਿੰਮੇਵਾਰ ਠਹਿਰਾਇਆ ਹੈ।