ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਦੇ ਘੱਟਣ ਨਾਲ ਪ੍ਰਭਾਵਿਤ ਪਿੰਡਾਂ ਨੂੰ ਮਿਲੇਗੀ ਵੱਡੀ ਰਾਹਤ : DC
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜ਼ਮੀਨੀ ਪੱਧਰ ਤੇ ਲਿਆ ਜਾਇਜ਼ਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 05 ਸਤੰਬਰ ,2025
ਪਿਛਲੇ ਕਰੀਬ 24 ਘੰਟਿਆਂ ਤੋਂ ਭਾਖੜਾਂ ਡੈਮ ਤੋਂ ਲਗਾਤਾਰ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਪਰ ਹੁਣ ਚੰਗੀ ਗੱਲ ਇਹ ਹੈ ਕਿ ਪਾਣੀ ਦੀ ਮਾਤਰਾ 70 ਹਜ਼ਾਰ ਕਿਊਸਿਕ ਕਰ ਦਿੱਤੀ ਹੈ। ਇਸ ਨਾਲ ਉਹਨਾਂ ਪਿੰਡਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਖੇਤਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਸੀ ਅਤੇ ਕਈ ਥਾਵਾਂ ਤੇ ਪਾਣੀ ਆਬਾਦੀ ਦੇ ਨੇੜੇ ਤੱਕ ਪਹੁੰਚ ਗਿਆ ਸੀ, ਉਹ ਹੁਣ ਸੁਰੱਖਿਅਤ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆਂ ਨੇ ਨੰਗਲ ਦੇ ਹੜ੍ਹਾਂ ਵਰਗੇ ਹਾਲਾਤ ਨਾਲ ਜੂਝ ਰਹੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭਾਖੜਾ ਡੈਮ ਵੱਲੋਂ ਵਾਧੂ ਮਾਤਰਾ ਵਿਚ ਪਾਣੀ ਛੱਡੇ ਜਾਣ ਅਤੇ ਹਿਮਾਚਲ ਪ੍ਰਦੇਸ਼ –ਪੰਜਾਬ ਅਤੇ ਬੀ.ਬੀ.ਐਮ.ਬੀ ਦੇ ਕੈਚਮੈਂਟ ਏਰੀਏ ਵਿਚ ਹੋਈ ਭਾਰੀ ਬਰਸਾਤ ਕਾਰਨ ਨੰਗਲ ਉਪ ਮੰਡਲ ਦੇ ਲਗਭਗ 15 ਪਿੰਡ ਤੇ ਸ੍ਰੀ ਅਨੰਦਪੁਰ ਸਾਹਿਬ ਦੇ 5-6 ਪਿੰਡ ਪ੍ਰਭਾਵਿਤ ਹੋਏ ਸਨ। ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਰੈਸਕਿਊ ਟੀਮਾਂ ਐਕਟਿਵ ਹਨ, ਕੁਇਕ ਰਿਸਪਾਂਸ ਟੀਮ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤੈਨਾਤ ਕੀਤੀਆ ਹੋਈਆ ਹਨ। ਜਿਹਨਾਂ ਨੂੰ ਵੀ ਰੈਸਕਿਊ ਦੀ ਲੋੜ ਪਈ, ਉਨ੍ਹਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਨੰਗਲ ਦੇ ਦੋ-ਤਿੰਨ ਪਿੰਡਾਂ ਨਾਲ ਸੜਕ ਸੰਪਰਕ ਟੁੱਟਿਆ ਹੋਇਆ ਹੈ, ਜਿੱਥੇ ਕਿਸ਼ਤੀਆਂ ਅਤੇ ਐਨਡੀਆਰਐਫ ਦੀਆਂ ਟੀਮਾਂ ਰਾਹੀਂ ਰੈਸਕਿਊ ਕਾਰਜ ਜਾਰੀ ਹਨ। ਹੋਰ ਪਿੰਡਾਂ ਤੱਕ ਟਰੈਕਟਰ-ਟਰਾਲੀਆਂ ਰਾਹੀਂ ਪਹੁੰਚ ਬਣਾਈ ਗਈ ਹੈ, ਮੈਡੀਕਲ ਟੀਮਾਂ, ਵੈਟਰਨਰੀ ਡਾਕਟਰਾਂ ਦੇ ਨਾਲ ਰਾਸ਼ਨ/ ਪਸ਼ੂ ਚਾਰਾ ਅਤੇ ਹੋਰ ਜ਼ਰੂਰੀ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨੰਗਲ ਵਿੱਚ ਪੰਜ ਅਤੇ ਅਨੰਦਪੁਰ ਸਾਹਿਬ ਵਿੱਚ ਦੋ ਰਾਹਤ ਕੇਂਦਰ ਕਾਰਜਸ਼ੀਲ ਹਨ, ਜਿੱਥੇ 24 ਘੰਟੇ ਮੈਡੀਕਲ ਸਹਾਇਤਾ, ਐਮਬੂਲੈਂਸ, ਖਾਣਾ ਤੇ ਪੀਣ ਵਾਲਾ ਪਾਣੀ ਉਪਲੱਬਧ ਹੈ। ਲੋਕਾਂ ਨੂੰ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਘਰ ਲੋ-ਲਾਈਨ ਏਰੀਆ ਵਿੱਚ ਹਨ, ਉਹ ਰਾਹਤ ਕੈਂਪਾਂ ਵਿੱਚ ਸ਼ਿਫਟ ਹੋ ਜਾਣ। ਉਨ੍ਹਾਂ ਨੇ ਕਿਹਾ ਕਿ ਨੀਵੇ ਇਲਾਕਿਆਂ ਵਿੱਚ ਪਾਣੀ ਭਰਨ ਦਾ ਖਤਰ ਬਣਿਆ ਰਹਿੰਦਾ ਹੈ, ਪ੍ਰਸਾਸ਼ਨ ਦੀ ਤਰਜੀਹ ਹੈ ਕਿ ਹਰ ਵਿਅਕਤੀ, ਪਸ਼ੂ ਧੰਨ ਤੇ ਜਾਨ ਮਾਲ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਰਾਹਤ ਕੈਂਪ ਵਿੱਚ ਡਾਕਟਰ ਅਤੇ ਵੈਟਨਰੀ ਡਾਕਟਰ ਮੋਜੂਦ ਹਨ, ਸਾਰੇ ਪ੍ਰਬੰਧ ਮੁਕੰਮਲ ਹਨ ਹੁਣ ਅਸੀ ਪਿੰਡਾਂ ਵਿਚ ਜਿੱਥੇ ਪਾਣੀ ਲਗਾਤਾਰ ਉੱਤਰ ਰਿਹਾ ਹੈ, ਉਥੇ ਡਾਕਟਰੀ ਟੀਮਾਂ ਭੇਜ ਰਹੇ ਹਾਂ ਤਾਂ ਜੋ ਲੋਕਾਂ ਦੀ ਸਿਹਤ ਜਾਂਚ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਅਗੰਮਪੁਰ ਦੇ ਪੁਲ ਦਾ ਵੀ ਜਾਇਜ਼ਾ ਲਿਆ, ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਕੀਤੇ ਰਾਹਤ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸਾਸ਼ਨ ਦਾ ਪੰਚਾਂ, ਸਰਪੰਚਾਂ, ਨੰਬਰਦਾਰਾਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨਾਲ ਬਿਹਤਰ ਤਾਲਮੇਲ ਬਹੁਤ ਹੀ ਕਾਰਗਰ ਸਿੱਧ ਹੋਇਆ ਹੈ। ਡੈਮ ਤੋ ਪਾਣੀ ਛੱਡਣ ਅਤੇ ਮੌਸਮ ਦੀ ਪੇਸ਼ਨਗੋਈ ਦੀ ਜਾਣਕਾਰੀ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀ ਪਹੁੰਚਾਈ ਗਈ, ਜਿਸ ਨਾਲ ਲੋਕਾਂ ਨੇ ਪਹਿਲਾ ਹੀ ਆਪਣੇ ਘਰਾਂ ਵਿੱਚ ਲੋੜੀਦੇ ਪ੍ਰਬੰਧ ਮੁਕੰਮਲ ਕਰ ਲਏ। ਉਨ੍ਹਾ ਨੇ ਕਿਹਾ ਕਿ ਅਫਵਾਹਾ ਤੇ ਬਿਲਕੁਲ ਭਰੋਸਾ ਨਾ ਕਰੋ, ਪ੍ਰਸਾਸ਼ਨ ਹਰ ਸਮੇ ਤੁਹਾਡੀ ਸਹਾਇਤਾ ਲਈ ਮੋਜੂਦ ਹੈ। ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆਂ ਨੂੰ ਤਰਜੀਹ ਦਿੱਤੀ ਹੈ, ਸਾਡੇ ਪੁਲਿਸ ਕਰਮਚਾਰੀ, ਐਨ.ਡੀ.ਆਰ.ਐਫ ਦੀਆਂ ਟੀਮਾ ਅਤੇ ਹੋਰ ਸੁਰੱਖਿਆਂ ਵਿਚ ਤੈਨਾਤ ਅਧਿਕਾਰੀਆਂ ਕਰਮਚਾਰੀਆਂ ਨੇ ਪੂਰੀ ਮਿਹਨਤ,ਲਗਨ ਤੇ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐਸ.ਡੀ.ਐਮ ਨੰਗਲ ਸਚਿਨ ਪਾਠਕ, ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਡੀ.ਐਸ.ਪੀ ਨੰਗਲ ਕੁਲਵੀਰ ਸਿੰਘ, ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।