ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਨੇ ਮਨਾਇਆ ਆਪਣਾ 41ਵਾਂ ਸਥਾਪਨਾ ਦਿਵਸ
ਪਟਿਆਲਾ 06 ਮਈ 2025 - ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਨੇ ਆਪਣੇ 41ਵੇਂ ਸਥਾਪਨਾ ਦਿਵਸ ਨੂੰ ਬੜੇ ਮਾਣ ਨਾਲ ਮਨਾਇਆ, ਜੋ ਕਿ ਸਿੱਖਿਆ ਅਤੇ ਸੰਪੂਰਨ ਵਿਕਾਸ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੀ ਉੱਤਮਤਾ ਨੂੰ ਦਰਸਾਉਂਦਾ ਹੈ। ਇਹ ਸ਼ਾਨਦਾਰ ਮੌਕਾ ਬਹੁਤ ਜੋਸ਼, ਉਤਸ਼ਾਹ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਮਨਾਇਆ ਗਿਆ। ਇਸ ਮੌਕੇ ਸਾਡੇ ਮਾਣਯੋਗ ਮੁੱਖ ਸਰਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ (ਅਕਾਲੀ) 96 ਕਰੋੜੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ।
ਇਸ ਮੌਕੇ ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਉਨ੍ਹਾਂ ਦੇ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ, ਸ਼੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਅਤੇ ਸ਼੍ਰੀਮਤੀ ਭਾਰਤੀ ਕਵਾਤਰਾ ਇੰਚਾਰਜ, ਜੂਨੀਅਰ ਵਿੰਗ ਵੀ ਮੌਜੂਦ ਸਨ। ਸਕੂਲ ਕੈਂਪਸ ਨੂੰ ਰੰਗ-ਬਿਰੰਗੇ ਗੁਬਾਰਿਆਂ ਅਤੇ ਝੰਡਿਆਂ ਨਾਲ ਸਜਾਇਆ ਗਿਆ ਅਤੇ ਸਕੂਲ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੱਤੇ। ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਸਕੂਲ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦੀ ਮੁਹਿੰਮ ਤਹਿਤ ਰੁੱਖ ਲਗਾਏ ਗਏ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਹੋਈ। ਉਪਰੰਤ ਸ਼ਮ੍ਹਾਂ ਰੌਸ਼ਨ ਕੀਤੀ ਗਈ। ਸਮਾਗਮ ਵਿੱਚ ਜਿੱਥੇ ਨਵੇਂ ਚੁਣੇ ਗਏ ਵਿਦਿਆਰਥੀ ਪ੍ਰੀਸ਼ਦ ਮੈਂਬਰਾਂ ਨੂੰ ਰਸਮੀ ਤੌਰ 'ਤੇ ਸ਼ਾਮਲ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੌਜਵਾਨ ਆਗੂਆਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ, ਪ੍ਰੇਰਿਤ ਕਰਨ ਵਾਲੇ ਬੈਜ ਅਤੇ ਸੈਸ਼ ਵੀ ਪ੍ਰਦਾਨ ਕੀਤੇ ਗਏ। ਯਾਨਾਦੀਪ ਕੌਰ ਅਤੇ ਜਗਜੀਵਨ ਨੂੰ ਸੀਨੀਅਰ ਵਿੰਗ ਦੇ ਸਕੂਲ ਕੈਪਟਨ ਅਤੇ ਅਸ਼ਨੀਰ ਕੌਰ ਅਤੇ ਅਰਸ਼ਿੰਦਰ ਸਿੰਘ ਨੂੰ ਜੂਨੀਅਰ ਵਿੰਗ ਦੇ ਸਕੂਲ ਕੈਪਟਨ ਵਜੋਂ ਘੋਸ਼ਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੁਆਰਾ ਕਰਾਸ ਕੰਟਰੀ ਤੋਂ ਇਲਾਵਾ ਦਸਤਾਰ ਮੁਕਾਬਲੇ ਅਤੇ ਗੱਤਕਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਭਾਰਤ ਦੇ ਲੋਕ ਨਾਚ ਪੇਸ਼ ਕੀਤੇ ਅਤੇ ਭੰਗੜਾ ਸਾਰੇ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਸਮਾਗਮ ਖੁਸ਼ੀਆਂ ਦੇ ਖੇੜੇ ਨਾਲ ਸਮਾਪਤ ਹੋਇਆ।