ਬਰੂਸਲੀ ਦਾ ਰਿਕਾਰਡ ਤੋੜ ਚੁੱਕੇ ਪੰਜਾਬੀ ਗੱਭਰੂ ਦਾ ਹੋਵੇਗਾ ਸੁਨਹਿਰੀ ਅੱਖਰਾਂ ਨਾਲ ਨਾਮ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 15 ਜੁਲਾਈ 2025 :
ਜਿਲਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਉਮਰਵਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਜਿਸ ਨੇ ਚਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਮੇਤ 34 ਰਿਕਾਰਡ ਆਪਣੇ ਨਾਮ ਦਰਜ ਕੀਤੇ ਹਨ। ਇਹ ਨੌਜਵਾਨ ਘਰ ਦੀ ਬਣਾਈ ਜਿਮ ਚ ਅਭਿਆਸ ਕਰਕੇ ਬਿਨਾਂ ਕਿਸੇ ਪ੍ਰੋਟੀਨ ਜਾਂ ਹੋਰ ਸਰੀਰ ਫੁਲਾਉ ਉਤਪਾਦ ਵਰਤਿਆਂ ਨਵੇਂ ਕੀਰਤੀਮਾਨ ਬਣਾ ਰਿਹਾ ਹੈ। ਬਰੂਸਲੀ ਅਤੇ ਹੋਰ ਕਈ ਵਿਸ਼ਵ ਪੱਧਰੀ ਧੁਰੰਦਰਾਂ ਦਾ ਰਿਕਾਰਡ ਤੋੜਨ ਵਾਲੇ ਕੁੰਵਰ ਅੰਮ੍ਰਿਤ ਬੀਰ ਸਿੰਘ ਲਈ ਵੱਡੀ ਪ੍ਰਾਪਤੀ ਹੋਰ ਸਾਹਮਣੇ ਆਈ ਹੈ। ਯੂਕਰੇਨ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਦੇ 12 ਖਿਡਾਰੀਆਂ ਦੇ ਨਾਮ ਯੂਕਰੇਨ ਦੇ ਮਿਊਜ਼ੀਅਮ ਚ ਸੁਨਹਿਰੀ ਅੱਖਰਾਂ ਨਾਲ ਉਕੇਰੇ ਜਾ ਰਹੇ ਹਨ ਜਿੰਨਾ ਚ ਭਾਰਤ ਵੱਲੋਂ ਇੱਕਲੌਤੇ ਕੁੰਵਰ ਅੰਮ੍ਰਿਤ ਬੀਰ ਸਿੰਘ ਦਾ ਨਾਮ ਯੂਕਰੇਨ ਦੀ ਮਿਊਜ਼ੀਅਮ ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਇਸ ਤੋਂ ਇਲਾਵਾ ਕੁੰਵਰ ਅੰਮ੍ਰਿਤ ਬੀਰ ਸਿੰਘ ਵੱਖ-ਵੱਖ ਦੇਸ਼ਾਂ ਦੇ ਸੌ ਸਿੱਖਾਂ ਦੀ ਸੂਚੀ 28 ਵੇਂ ਸਥਾਨ ਤੇ ਜਗ੍ਹਾ ਬਣਾ ਚੁੱਕਾ ਹੈ, ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।