ਬਠਿੰਡਾ: ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਮਾਨਸੂਨ ਤੋਂ ਪਹਿਲਾਂ ਪੰਪਿੰਗ ਸਟੇਸ਼ਨ ਤਿਆਰ ਬਰ ਤਿਆਰ
ਨਗਰ ਨਿਗਮ ਬਠਿੰਡਾ ਦੀਆਂ ਟੀਮਾਂ ਵੱਲੋਂ ਗਿੱਲੇ ਅਤੇ ਸੁੱਕੇ ਕੂੜੇ ਦੀ ਅਲੱਗ-ਅਲੱਗ ਛਾਂਟ ਬਾਰੇ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2026 : ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਬਠਿੰਡਾ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪੰਪਿੰਗ ਸਟੇਸ਼ਨਾਂ ’ਤੇ ਲੱਗੀਆਂ ਮੋਟਰਾਂ ਦੀ ਜਾਂਚ ਅਤੇ ਮੁਰੰਮਤ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਇਹ ਮੋਟਰਾਂ ਮੀਂਹ ਪੈਣ ਤੋਂ ਬਾਅਦ ਨੀਵੇਂ ਇਲਾਕਿਆਂ ਵਿੱਚ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਕੁਝ ਘੰਟਿਆਂ ਵਿੱਚ ਬਾਹਰ ਕੱਢ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਮੋਟਰਾਂ ਦੀ ਜਾਂਚ ਕਰ ਲਈ ਗਈ ਹੈ, ਖ਼ਰਾਬ ਮੋਟਰਾਂ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਹੋਰ ਲੋੜੀਂਦੇ ਕੰਮ ਵੀ ਮੁਕੰਮਲ ਕਰ ਲਏ ਗਏ ਹਨ।
ਇਸ ਤੋਂ ਇਲਾਵਾ ਗਲੀਆਂ ਦੀਆਂ ਨਾਲੀਆਂ ਅਤੇ ਵਾਟਰ ਚੈਂਬਰਾਂ ਦੀ ਡੀ-ਸਿਲਟਿੰਗ ਅਤੇ ਸਫ਼ਾਈ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸਿਲਟ ਦੀ ਸਫ਼ਾਈ ਲਈ ਦੋ ਸੁਪਰ ਸੱਕਰ ਮਸ਼ੀਨਾਂ ਅਤੇ ਇੱਕ ਮਿੰਨੀ ਸਕਸ਼ਨ ਮਸ਼ੀਨ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਛੋਟੀਆਂ ਟਰੈਕਟਰ-ਮਾਊਂਟਡ ਮਸ਼ੀਨਾਂ ਵੀ ਸੀਵਰਾਂ ਦੀ ਸਫ਼ਾਈ ਲਈ ਤਾਇਨਾਤ ਹਨ।
ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਟੀਮਾਂ ਵੱਲੋਂ ਅਜੀਤ ਰੋਡ ਅਤੇ ਜਨਤਾ ਨਗਰ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਚਨ ਦੇ ਗਿੱਲੇ ਕੂੜੇ ਨੂੰ ਪਲਾਸਟਿਕ, ਕੱਚ, ਸਟਾਇਰੋਫੋਮ, ਕਾਗਜ਼ ਆਦਿ ਤੋਂ ਵੱਖ ਕਰਕੇ ਹੀ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀ ਨੂੰ ਦੇਣ। ਇਸ ਤੋਂ ਇਲਾਵਾ ਅਜੀਤ ਰੋਡ ’ਤੇ ਸਥਿਤ ਹਸਪਤਾਲਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਬਾਇਓ-ਮੈਡੀਕਲ ਕੂੜੇ ਨੂੰ ਆਮ ਕੂੜੇ ਤੋਂ ਵੱਖ ਰੱਖਣ ਅਤੇ ਸਰਕਾਰੀ ਨਿਯਮਾਂ ਅਨੁਸਾਰ ਉਸ ਦਾ ਨਿਪਟਾਰਾ ਯਕੀਨੀ ਬਣਾਉਣ।
ਨਗਰ ਨਿਗਮ ਬਠਿੰਡਾ ਦੇ ਕਮਿਊਨਿਟੀ ਫੈਸਿਲੀਟੇਟਰਾਂ ਅਤੇ ਮੋਟੀਵੇਟਰਾਂ ਵੱਲੋਂ ਏਮਜ਼ ਬਠਿੰਡਾ ਦੇ ਸਮਰਪਿਤ ਸਫ਼ਾਈ ਕਰਮਚਾਰੀਆਂ ਲਈ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਸੁਰੱਖਿਅਤ ਕੂੜਾ ਪ੍ਰਬੰਧਨ ਤਰੀਕਿਆਂ, ਨਿੱਜੀ ਸਫ਼ਾਈ ਅਤੇ ਸੁਰੱਖਿਆ ਉਪਕਰਨਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਉਨ੍ਹਾਂ ਦੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਸਫ਼ਾਈ ਕਰਮਚਾਰੀਆਂ ਨੂੰ ਹਸਪਤਾਲ ਦਾ ਕੂੜਾ ਸੰਭਾਲਦੇ ਸਮੇਂ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ।
- Download Babushahi App
-
-