ਫਰਵਾਹੀ ਘਟਨਾ: ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਠੇਕੇਦਾਰ ਖਿਲਾਫ FIR ਦਰਜ
ਕਿਰਤ ਵਿਭਾਗ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਠੇਕੇਦਾਰ ਨੂੰ ਨੋਟਿਸ ਦੀ ਪ੍ਰਕਿਰਿਆ ਸ਼ੁਰੂ
ਅਸ਼ੋਕ ਵਰਮਾ
ਬਰਨਾਲਾ, 29 ਮਾਰਚ 2026: ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਚ ਉੱਚਾ ਚੁੱਕੇ ਜਾ ਰਹੇ ਮਕਾਨ ਦੇ ਢਹਿਣ ਕਰਕੇ ਥੱਲੇ ਆ ਜਾਣ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿਚ ਸਬੰਧਤ ਠੇਕੇਦਾਰ ਵਲੋਂ ਵਰਤੀ ਅਣਗਹਿਲੀ ਦੇ ਦੋਸ਼ ਹੇਠ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਸਵੇਰੇ ਪਿੰਡ ਫਰਵਾਹੀ ਵਿਚ ਮਕਾਨ ਦੇ ਢਹਿਣ ਕਰਕੇ ਸੁੱਤੇ ਪਏ ਮਜ਼ਦੂਰਾਂ ਦੇ ਮਲਬੇ ਥੱਲੇ ਆਉਣ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਦੀ ਘਟਨਾ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੇ ਨਿਰਦਸ਼ਾਂ ਉੱਤੇ ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ, ਅਸਿਸਟੈਂਟ ਲੇਬਰ ਕਮਿਸ਼ਨਰ ਨਰੇਸ਼ ਗਰਗ ਸਮੇਤ ਕਿਰਤ ਵਿਭਾਗ ਤੇ ਪੁਲੀਸ ਟੀਮ ਘਟਨਾ ਵਾਲੇ ਸਥਾਨ ਉੱਤੇ ਪੁੱਜੀ।
ਘਟਨਾ ਦੀ ਜਾਂਚ ਦੌਰਾਨ ਠੇਕੇਦਾਰ ਦੀ ਅਣਗਹਿਲੀ ਸਾਹਮਣੇ ਆਈ ਜਿਸ 'ਤੇ ਥਾਣਾ ਸਦਰ ਵਿੱਚ ਸਬੰਧਤ ਠੇਕੇਦਾਰ ਰਣਜੀਤ ਸਿੰਘ ਵਾਸੀ ਮੋਗਾ ਖ਼ਿਲਾਫ਼ ਧਾਰਾ 106 (1) ਬੀ ਐਨ ਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਕਿਰਤ ਵਿਭਾਗ ਵਲੋਂ ਠੇਕੇਦਾਰ ਨੂੰ ਮਜ਼ਦੂਰਾਂ ਦੇ ਪਰਿਵਾਰ ਨੂੰ ਮੁਆਵਜ਼ੇ ਸਬੰਧੀ ਨੋਟਿਸ ਅਤੇ ਚਲਾਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਫਰਵਾਹੀ ਵਿਚ ਇਹ ਘਟਨਾ ਵਿਸ਼ਾਲ ਗੋਇਲ ਨਾਮ ਦੇ ਵਿਅਕਤੀ ਦੇ ਮਕਾਨ 'ਚ ਵਾਪਰੀ ਹੈ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਵਰਿੰਦਰ ਉਰਫ ਬੌਬੀ ਵਾਸੀ ਪਿੰਡ ਦੁਸਾਂਝ (ਜ਼ਿਲ੍ਹਾ ਮੋਗਾ), ਰਜਨੀਸ਼ ਸਿੰਘ ਪਿੰਡ ਡਾਲਾ (ਜ਼ਿਲ੍ਹਾ ਮੋਗਾ), ਪ੍ਰਿੰਸ ਵਾਸੀ ਮੋਗਾ ਵਜੋਂ ਹੋਈ ਹੈ।
Click to Follow Babushahi Facebook page →