ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲਿਊਮਨਾਈ ਬੀਸੀ ਚੈਪਟਰ ਵੱਲੋਂ ਸਾਲਾਨਾ ਯਾਦਗਾਰੀ ਸਮਾਗਮ
ਹਰਦਮ ਮਾਨ
ਸਰੀ, 25 ਮਈ 2026 - ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲਿਊਮਨਾਈ ਬੀਸੀ ਚੈਪਟਰ ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ ਮੈਂਬਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮੀਰਾ ਗਿੱਲ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਨਿੱਘੀ “ਜੀ ਆਇਆਂ ਨੂੰ” ਕਹਿ ਕੇ ਕੀਤੀ ਗਈ। ਉਪਰੰਤ ਚੈਪਟਰ ਦੇ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ ਅਤੇ ਪਲੈਨਿੰਗ ਕਮੇਟੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਪੰਜਾਬੀ ਮੀਡੀਆ ਤੇ ਰੰਗਮੰਚ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵਿੱਚ ਰੈੱਡ ਐਫ਼ਐਮ ਦੀ ਮਸ਼ਹੂਰ ਮੇਜ਼ਬਾਨ ਜੈਸਮੀਨ, ਕੁਨੈਕਟ ਐਫ਼ਐਮ ਤੋਂ ਡਾ. ਅਮਰਜੀਤ ਭੁੱਲਰ ਤੇ ਡਾ. ਜੈਸਮੀਨ ਸਿੰਘ, ਸਕਿੱਟ ਡਾਇਰੈਕਟਰ ਰੂਪੀ ਸ਼ਰਮਾ ਅਤੇ ਪੰਜਾਬੀ ਥੀਏਟਰ ਤੇ ਮਨੋਰੰਜਨ ਜਗਤ ਦੇ ਪ੍ਰਸਿੱਧ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਸ਼ਾਮਲ ਸਨ।
ਸਾਹਿਤ ਅਤੇ ਸੱਭਿਆਚਾਰ ਦੇ ਨਾਲ-ਨਾਲ ਸਮਾਗਮ ਵਿੱਚ ਸਮਾਜਿਕ ਜਾਗਰੂਕਤਾ ਨੂੰ ਵੀ ਅਹਿਮ ਸਥਾਨ ਦਿੱਤਾ ਗਿਆ। ਸਮਾਗਮ ਦੌਰਾਨ ਅੰਗ ਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਰੀਤਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਹਾਜ਼ਰੀਨ ਨਾਲ ਆਰਗਨ ਡੋਨੇਸ਼ਨ ਅਤੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਮੀਰਾ ਗਿੱਲ ਨੇ ਵੀ ਸਾਰਿਆਂ ਨੂੰ ਬੀਸੀ ਆਰਗਨ ਡੋਨਰ ਪ੍ਰੋਗਰਾਮ ਨਾਲ ਜੁੜਨ ਅਤੇ ਇਸ ਮਨੁੱਖੀ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਯੂਬੀਸੀ ਦੀ ਵਿਦਿਆਰਥਣ ਗੁਨੀਤ ਕੌਰ ਨੇ ਆਪਣੇ ਪਰਿਵਾਰ ਦਾ ਇੱਕ ਬਹੁਤ ਹੀ ਭਾਵੁਕ ਅਤੇ ਨਿੱਜੀ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਦੀ ਗੰਭੀਰ ਬਿਮਾਰੀ ਦੌਰਾਨ ਪਰਿਵਾਰ ਨੇ ਇੱਕ ਬੇਹੱਦ ਮੁਸ਼ਕਲ ਸਮਾਂ ਦੇਖਿਆ ਅਤੇ ਕਿਵੇਂ ਇੱਕ ਕਿਡਨੀ ਟ੍ਰਾਂਸਪਲਾਂਟ ਨੇ ਨਾ ਸਿਰਫ਼ ਉਨ੍ਹਾਂ ਦੇ ਪਿਤਾ ਨੂੰ ਨਵਾਂ ਜੀਵਨ ਦਿੱਤਾ, ਸਗੋਂ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਉਨ੍ਹਾਂ ਨੂੰ ਨਵੀਂ ਉਮੀਦ ਅਤੇ ਖੁਸ਼ੀਆਂ ਬਖਸ਼ੀਆਂ।
ਸਮਾਗਮ ਦੇ ਅਖੀਰਲੇ ਪੜਾਅ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਅਤੇ ਐਲਿਊਮਨਾਈ ਮੈਂਬਰਾਂ ਵੱਲੋਂ ਗਿੱਧਾ, ਭੰਗੜਾ ਅਤੇ ਕਈ ਮਨੋਰੰਜਕ ਸਕਿੱਟਾਂ ਰਾਹੀਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਬੇਹੱਦ ਖੁਸ਼ਗਵਾਰ ਬਣਾ ਦਿੱਤਾ। ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਸਾਰੇ ਵੱਖ-ਵੱਖ ਮੀਡੀਆ ਹਾਊਸਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਮਾਗਮ ਦੀ ਖ਼ਬਰ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਸਪਾਂਸਰਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਗਿਆ, ਜਿਨ੍ਹਾਂ ਦੇ ਆਰਥਿਕ ਅਤੇ ਨੈਤਿਕ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ। ਪ੍ਰਬੰਧਕਾਂ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਭਰਵੀਂ ਹਾਜ਼ਰੀ ਨੇ ਇਸ ਸ਼ਾਮ ਨੂੰ ਹਮੇਸ਼ਾ ਲਈ ਯਾਦਗਾਰੀ ਬਣਾ ਦਿੱਤਾ।
ਸਮਾਗਮ ਦੋਰਾਨ 'ਗੁਲਾਟੀ ਪਬਲਿਸ਼ਰਜ਼' ਵੱਲੋਂ ਹਰਦਮ ਮਾਨ ਨੇ ਪੰਜਾਬੀ ਕਿਤਾਬਾਂ ਦਾ ਵਿਸ਼ੇਸ਼ ਸਟਾਲ ਲਾਇਆ। ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਮਹਿਮਾਨਾਂ ਨੇ ਇਸ ਸਟਾਲ ਤੋਂ ਕਿਤਾਬਾਂ ਖਰੀਦੀਆਂ ਅਤੇ ਪ੍ਰਬੰਧਕਾਂ ਦੇ ਇਸ ਸਾਹਿਤਕ ਉਪਰਾਲੇ ਦੀ ਭਰਪੂਰ ਸਲਾਹੁਤਾ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੁਲਦੀਪ ਸਿੰਘ ਸਿੱਧੂ, ਕੁਲਦੀਪ ਸਿੰਘ (ਸਾਂਝਾ ਟੀ.ਵੀ) ਅਤੇ ਵਿੱਕ ਥਿੰਦ ਨੇ ਬਾਖੂਬੀ ਕੀਤਾ।
- Download Babushahi App
-
-