ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਜ਼ਿਲਾ ਖਜ਼ਾਨਾ ਅਫਸਰ ਰਾਹੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਭੇਜਿਆ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਜੁਲਾਈ 2025 ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ 'ਤੇ ਅੱਜ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜਗਤਾਰ ਸਿੰਘ, ਜੋਗਾ ਸਿੰਘ ਅਤੇ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਜਿਲ੍ਹਾ ਖਜ਼ਾਨਾ ਦਫਤਰ ਅੱਗੇ ਧਰਨਾ ਮਾਰਿਆ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੇਲ ਚੰਦ, ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਪਰਮਿੰਦਰ ਸੰਧੂ, ਸੁਰਿੰਦਰ ਪਾਲ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਹੋਣ ਕਾਰਨ ਅਤੇ ਤਨਖਾਹ / ਪੈਨਸ਼ਨ ਦੁਹਰਾਈ ਦੀਆਂ ਰਹਿੰਦੀਆਂ ਤਰੁਟੀਆਂ ਅਤੇ ਬਕਾਏ ਯਕਮੁਸ਼ਤ ਨਾ ਦੇਣ ਕਾਰਨ ਉਹਨਾਂ ਦਾ ਜੀਵਨ ਨਿਰਵਾਹ ਔਖਾ ਹੋ ਗਿਆ ਹੈ।
ਉਹਨਾਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ 2016 ਤੋਂ ਬਣਦੇ 125 ਪ੍ਰਤੀਸ਼ਤ ਮਹਿੰਗਾਈ ਭੱਤੇ 'ਤੇ ਤਨਖਾਹ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 2.59 ਦਾ ਗੁਣਾਕ ਨਾ ਦੇਣ, ਪੰਜਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਤੇ 2011 ਤੋਂ ਲਾਗੂ ਉਚੇਰੀ ਗ੍ਰੇਡ ਪੇ ਖੋਹਣ, ਪੇਂਡੂ ਭੱਤੇ ਸਮੇਤ ਸੋਧਣ ਦੇ ਨਾਂ ਤੇ ਸਮੁੱਚੇ ਭੱਤੇ ਬੰਦ ਕਰਨ, ਜਨਵਰੀ 2016 ਤੋਂ ਮਿਲਣ ਵਾਲੇ ਤਨਖਾਹ ਦੁਹਰਾਈ ਦੇ ਬਕਾਏ 2029 ਤੱਕ ਲਟਕਾਉਣ, ਮਹਿੰਗਾਈ ਪੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਨਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡ ਤੇ ਪੱਕੇ ਨਾ ਕਰਨ, ਕੈਸ਼ ਲੈਸ ਹੈਲਥ ਸਕੀਮ ਲਾਗੂ ਨਾ ਕਰਨ, ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਲਾਗੂ ਅਤੇ ਜਨਰਲਾਈਜ ਨਾ ਕਰਨ ਦਾ ਰੋਸ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਵਿਆਪਕ ਰੂਪ ਵਿੱਚ ਵਧ ਰਿਹਾ ਹੈ। ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ-ਵਾਰ ਮੁਨਕਰ ਹੋ ਰਹੀ ਹੈ। ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਜਨਰਲ ਚੋਣਾਂ ਵਿੱਚ ਭੁਗਤਣਾ ਪਵੇਗਾ।
ਇਸ ਰੋਸ ਧਰਨੇ ਉਪਰੰਤ ਜ਼ਿਲ੍ਹਾ ਖਜ਼ਾਨਾ ਅਫਸਰ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਗਏ। ਇਸ ਸਮੇਂ ਗੁਰਦਿਆਲ ਸਿੰਘ, ਦਸੌਂਧਾ ਸਿੰਘ, ਚਰਨਜੀਤ, ਤਰਸੇਮ ਸਿੰਘ, ਐਚ ਐਸ ਭਾਵੜਾ, ਦਵਿੰਦਰ ਸਿੰਘ, ਡਾਕਟਰ ਪ੍ਰੇਮ ਸਿੰਘ, ਜਸਵਿੰਦਰ ਸਿੰਘ ਭੰਗਲ, ਦੇਸ ਰਾਜ ਬੱਜੋਂ, ਸੋਹਣ ਸਿੰਘ, ਸਾਮ ਲਾਲ, ਬਖਤਾਵਰ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ, ਪਰਮਜੀਤ, ਜੋਗੀ, ਸੋਹਣ ਲਾਲ ਆਦਿ ਹਾਜ਼ਰ ਸਨ।