ਪੀ.ਏ.ਯੂ. ਵਿਚ ਹੋਣਹਾਰ ਖਿਡਾਰੀਆਂ ਅਤੇ ਕਲਾਕਾਰਾਂ ਲਈ ਖੇਤੀ ਦੀ ਵਿਗਿਆਨਕ ਪੜ੍ਹਾਈ ਦੇ ਮੌਕੇ
ਲੁਧਿਆਣਾ 6 ਮਈ,2025 - ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਅੱਜ ਇਕ ਵਿਸ਼ੇਸ਼ ਵਾਰਤਾ ਵਿਚ ਆਉਂਦੇ ਅਕਾਦਮਿਕ ਸਾਲ 2025-26 ਦੌਰਾਨ ਖੇਤੀ ਦੀ ਉਚੇਰੀ ਪੜਾਈ ਦੀ ਇੱਛਾ ਰੱਖਣ ਵਾਲੇ ਖਿਡਾਰੀਆਂ ਅਤੇ ਸਹਿ-ਸੱਭਿਆਚਾਰਕ ਕਰਮੀਆਂ ਨੂੰ ਯੂਨੀਵਰਸਿਟੀ ਵਿਚ ਪੜਾਈ ਦੀ ਅਪੀਲ ਕੀਤੀ| ਡਾ. ਜੌੜਾ ਨੇ ਕਿਹਾ ਕਿ ਪੀ.ਏ.ਯੂ. ਮੂਲ ਰੂਪ ਵਿਚ ਭਾਵੇਂ ਵਿਗਿਆਨਕ ਖੇਤੀ ਦੀ ਅਕਾਦਮਿਕ ਪੜ੍ਹਾਈ ਅਤੇ ਖੋਜ ਕਰਾਉਣ ਵਾਲੀ ਸੰਸਥਾ ਹੈ ਪਰ ਇਸਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ| ਓਲੰਪਿਕ ਦੇ ਮੰਚ ਤੱਕ ਇੱਥੋਂ ਦੇ ਖਿਡਾਰੀਆਂ ਨੇ ਆਪਣੀਆਂ ਗੂੜੀਆਂ ਪੈੜਾਂ ਛੱਡੀਆਂ ਅਤੇ ਯੂਨੀਵਰਸਿਟੀ ਦਾ ਨਾਂ ਦੇਸ਼-ਵਿਦੇਸ਼ ਤੱਕ ਪਹੁੰਚਾਇਆ| ਪੀ.ਏ.ਯੂ. ਦੇ ਸ਼ਾਨਦਾਰ ਅਕਾਦਮਿਕ ਮਾਹੌਲ ਦੇ ਨਾਲ-ਨਾਲ ਇੱਥੋਂ ਦੇ ਖੇਡ ਮੈਦਾਨਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਢਾਂਚਾ ਆਪਣੀ ਮਿਸਾਲ ਆਪ ਬਣਿਆ ਹੈ|
ਡਾ. ਜੌੜਾ ਨੇ ਕਿਹਾ ਕਿ ਭਾਵੇਂ ਪੀ.ਏ.ਯੂ. ਵਿਚ ਦਾਖਲੇ ਸਾਂਝੀ ਦਾਖਲਾ ਪ੍ਰੀਖਿਆ ਰਾਹੀਂ ਹੁੰਦੇ ਹਨ ਅਤੇ ਚੰਗੇ ਅਕਾਦਮਿਕ ਰਿਕਾਰਡ ਵਾਲੇ ਵਿਦਿਆਰਥੀ ਪ੍ਰੀਖਿਆ ਪਾਸ ਕਰਕੇ ਦਾਖਲਾ ਲੈਣ ਦੇ ਯੋਗ ਹੁੰਦੇ ਹਨ ਪਰ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਜਿਹੜੇ ਵਿਦਿਆਰਥੀ ਵਿਗਿਆਨ ਦੀ ਪੜਾਈ ਤੋਂ ਬਾਅਦ ਅਗਲੇਰੀ ਹਾਸਲ ਕਰਨ ਦੇ ਚਾਹਵਾਨ ਹੋਣ ਡਾ. ਜੌੜਾ ਨੇ ਉਹਨਾਂ ਨੂੰ ਪੀ.ਏ.ਯੂ. ਨੂੰ ਆਪਣੀ ਪ੍ਰਮੱੱੁਖ ਚੋਣ ਬਨਾਉਣ ਦੀ ਅਪੀਲ ਕੀਤੀ| ਉਹਨਾਂ ਦੱਸਿਆ ਕਿ ਯੂਨੀਵਰਸਿਟੀ ਕੋਲ ਹਾਕੀ ਦੇ ਐਸਟੋਟਰਫ ਮੈਦਾਨ ਦੇ ਨਾਲ-ਨਾਲ ਕੌਮਾਂਤਰੀ ਪੱਧਰ ਦਾ ਕ੍ਰਿਕਟ ਮੈਦਾਨ, ਸਾਈਕਲਿੰਗ ਕੋਰਸ, ਸਵੀਮਿੰਗ ਪੂਲ, ਟਰੈਕ ਐਂਡ ਫੀਲਡ ਈਵੈਂਟਸ ਲਈ ਸ਼ਾਨਦਾਰ ਟਰੈਕ, ਬਾਸਕਟਬਾਲ ਅਤੇ ਫੁੱਟਬਾਲ ਦੇ ਸ਼ਾਨਦਾਰ ਮੈਦਾਨ ਅਤੇ ਸਹੂਲਤਾਂ ਨਾਲ ਭਰਪੂਰ ਜਿੰਮਨੇਜ਼ੀਅਮ ਮੌਜੂਦ ਹੈ| ਇਹ ਸਾਰੀਆਂ ਸਹੂਲਤਾਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਰੀਰਕ ਅਤੇ ਮੈਦਾਨੀ ਅਭਿਆਸ ਨਾਲ ਲੈਸ ਕਰਕੇ ਅਗਲੇਰੀਆਂ ਚੁਣੌਤੀਆਂ ਦੇ ਯੋਗ ਬਣਾਉਂਦੀਆਂ ਹਨ| ਡਾ. ਜੌੜਾ ਨੇ ਦੱਸਿਆ ਕਿ ਸੱਭਿਆਚਾਰਕ ਗਤੀਵਿਧੀਆਂ ਲਈ ਯੂਨੀਵਰਸਿਟੀ ਦਾ ਓਪਨ ਏਅਰ ਥੀਏਟਰ ਅਤੇ ਵੱਖ-ਵੱਖ ਅਨੁਸ਼ਾਸਨਾਂ ਦੇ ਬਹੁਤ ਸਾਰੇ ਕਲੱਬ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦਾ ਵਿਕਾਸ ਕਰਨ ਦੇ ਸਮਰਥ ਹਨ|
ਉਹਨਾਂ ਕਿਹਾ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਅਗਲੇਰੀ ਪੜਾਈ ਕਰਨ ਦੇ ਇਛੱੁਕ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪੀ.ਏ.ਯੂ. ਦੇ ਮਾਣਮੱਤੇ ਇਤਿਹਾਸ ਅਤੇ ਸੰਭਾਵਨਾਵਾਂ ਭਰਪੂਰ ਵਰਤਮਾਨ ਦੇ ਮੱਦੇਨਜ਼ਰ ਇਸ ਯੂਨੀਵਰਸਿਟੀ ਵਿਚ ਦਾਖਲਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ|