ਕ੍ਰਿਕਟ ਸ਼ੁਰੂ: ਨਹੀਂ ਸੌਣਗੇ ਕ੍ਰਿਕਟ ਦੇ ਪ੍ਰੇਮੀ
ਨਿਊਜ਼ੀਲੈਂਡ ਅਤੇ ਇੰਡੀਆ ਦਰਮਿਆਨ ਤਿੰਨ ਇਕ ਦਿਨਾਂ ਅਤੇ 5 ਟੀ-20 ਮੈਚਾਂ ਦੀ ਸ਼ੁਰੂਆਤ ਅੱਜ
-ਭਾਰਤੀ ਟੀਮ ਦੀ ਕਪਤਾਨੀ ਪੰਜਾਬੀ ਪੁੱਤਰ ਸ਼ੁਭਮਨ ਗਿੱਲ ਕਰਨਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 11 ਜਨਵਰੀ 2026: -ਨਿਊਜ਼ੀਲੈਂਡ ਦਾ ਭਾਰਤ ਦੌਰਾ (ਜਨਵਰੀ 2026) ਹੁਣ ਸ਼ੁਰੂ ਹੋ ਚੁੱਕਾ ਹੈ। ਇਸ ਦੌਰੇ ਵਿੱਚ 3 ਇੱਕ ਰੋਜ਼ਾ ਅਤੇ 5 ਟੀ-20 ਮੈਚ ਖੇਡੇ ਜਾਣਗੇ। ਇਕ ਦਿਨਾਂ ਕ੍ਰਿਕਟ ਸੀਰੀਜ਼ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ।

ਅੱਜ ਪਹਿਲਾ ਮੈਚ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੀ ਕਪਤਾਨੀ ਪੰਜਾਬੀ ਪੁੱਤਰ ਸ਼ੁਭਮਨ ਗਿੱਲ ਕਰ ਰਹੇ ਹਨ, ਜਦਕਿ ਨਿਊਜ਼ੀਲੈਂਡ ਦੀ ਅਗਵਾਈ ਮਾਈਕਲ ਬ੍ਰੇਸਵੈਲ ਕਰ ਰਹੇ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਟੀਮ ਵਿੱਚ ਵਾਪਸੀ ਹੋਈ ਹੈ, ਪਰ ਰਿਸ਼ਭ ਪੰਤ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ।
ਭਾਰਤੀ ਸਮਾਂ ਅਤੇ ਨਿਊਜ਼ੀਲੈਂਡ ਦੇ ਸਮੇਂ ਦੇ ਵਿਚਕਾਰ 7 ਘੰਟੇ 30 ਮਿੰਟ ਦਾ ਫਰਕ ਹੈ। ਸਾਰੇ ਇਕ ਦਿਨਾਂ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਣਗੇ ਅਤੇ ਨਿਊਜ਼ੀਲੈਂਡ ਦੇ ਰਾਤ ਦੇ 9 ਵਜੇ ਹੋਣਗੇ। ਕ੍ਰਿਕਟ ਪ੍ਰੇਮੀਆਂ ਨੂੰ ਤੜਕੇ ਤੱਕ ਜਾਗ ਕੇ ਇਹ ਮੈਚ ਵੇਖਣੇ ਪੈਣਗੇ। ਟੀ-20 ਮੈਚ ਸ਼ਾਮ 7 ਵਜੇ ਸ਼ੁਰੂ ਹੋਇਆ ਕਰਨਗੇ।
ਭਾਰਤ ਹੁਣ ਤੱਕ ਨਿਊਜ਼ੀਲੈਂਡ ਨਾਲ 62 ਮੈਚ ਜਿੱਤ ਚੁੱਕਾ, 50 ਹਾਰ ਚੁੱਕਾ, 7 ਦਾ ਕੋਈ ਨਤੀਜਾ ਨਹੀਂ, ਇਕ ਬਰਾਬਰ ਰਿਹਾ ਹੈ। ਨਿਊਜ਼ੀਲੈਂਡ ਨੂੰ ਘੁੰਮਾ ਕੇ ਵੇਖੀਏ ਤਾਂ ਹੁਣ ਤੱਕ 50 ਮੈਚ ਜਿੱਤ ਚੁੱਕਾ, 62 ਹਾਰ ਚੁੱਕਾ ਹੈ। ਭਾਰਤ ਦਾ ਖਿਡਾਰੀ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਦੌੜਾਂ (1750) ਅਤੇ ਨਿਊਜ਼ੀਲੈਂਡ ਦੇ ਰੌਸ ਟੈਲਰ (1385) ਦੇ ਰਿਕਾਰਡ ਉਤੇ ਹੈ।