ਨਾਮਵਰ ਲੇਖਕ ਤੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਅੰਤਿਮ ਵਿਦਾਇਗੀ ਵੇਲੇ ਸ਼ਰਧਾਂਜਲੀਆਂ
ਹਰਦਮ ਮਾਨ
ਸਰੀ, 12 ਜਨਵਰੀ 2026 - ਨਾਮਵਰ ਲੇਖਕ, ਉੱਚਕੋਟੀ ਦੇ ਫੋਟੋ-ਪੱਤਰਕਾਰ, ਡੂੰਘੇ ਖੋਜਕਾਰ, ਨਿਪੁੰਨ ਸੰਪਾਦਕ ਅਤੇ ਸਿੱਖ ਜਗਤ ਦੀ ਇਕ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਜੈਤੇਗ ਸਿੰਘ ਅਨੰਤ ਦਾ ਬੀਤੇ ਦਿਨ ਅੰਤਿਮ ਸੰਸਕਾਰ ਸਰੀ ਵਿਖੇ ਗੰਭੀਰ ਅਤੇ ਭਾਵੁਕ ਮਾਹੌਲ ਵਿਚ ਕੀਤਾ ਗਿਆ। ਅੰਤਿਮ ਸੰਸਕਾਰ ਅਤੇ ਭੋਗ ਸਮਾਗਮ ਮੌਕੇ ਆਈਆਂ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਸ਼ਰਧਾਂਜਲੀ ਭੇਂਟ ਕਰਦਿਆਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਸੀ.ਈ.ਓ. ਗਿਆਨ ਸਿੰਘ ਸੰਧੂ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਜੈਤੇਗ ਸਿੰਘ ਅਨੰਤ ਸਿਦਕ, ਸਿਰੜੀ, ਅਟੱਲ ਧੁਨ ਅਤੇ ਕਰਮਯੋਗੀ ਸੁਭਾਅ ਦੇ ਮਾਲਕ ਸਨ। ਸਿਹਤ ਦੀ ਨਾਜ਼ੁਕਤਾ ਦੇ ਬਾਵਜੂਦ ਉਹ ਆਖ਼ਰੀ ਦਿਨਾਂ ਤੱਕ ਲਿਖਣ, ਸੰਪਾਦਨ ਅਤੇ ਖੋਜ ਕਾਰਜਾਂ ਨਾਲ ਲਗਾਤਾਰ ਜੁੜੇ ਰਹੇ।
ਉਨ੍ਹਾਂ ਕਿਹਾ ਕਿ ਸ. ਅਨੰਤ ਨੇ ਆਪਣਾ ਸਾਰਾ ਜੀਵਨ ਸਿੱਖੀ ਦੀ ਸੇਵਾ, ਸਿੱਖ ਵਿਚਾਰਧਾਰਾ ਦੇ ਪ੍ਰਚਾਰ-ਪਸਾਰ ਅਤੇ ਸਿੱਖ ਇਤਿਹਾਸ ਦੀ ਸੰਭਾਲ ਲਈ ਸਮਰਪਿਤ ਕੀਤਾ। ਕੈਮਰੇ ਅਤੇ ਕਲਮ ਰਾਹੀਂ ਉਨ੍ਹਾਂ ਨੇ ਪੰਥਕ ਵਿਰਾਸਤ ਨੂੰ ਸੰਜੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਅਤਿ ਮਹੱਤਵਪੂਰਨ ਕਾਰਜ ਕੀਤਾ। ਪੰਥਕ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਾ ਕਰਨ, ਲਿਖਣ ਅਤੇ ਸੰਭਾਲ ਕੇ ਰੱਖਣ ਪ੍ਰਤੀ ਉਹ ਹਰ ਪਲ ਚਿੰਤਨਸ਼ੀਲ ਰਹਿੰਦੇ ਸਨ।
ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਲਗਭਗ ਦੋ ਦਰਜਨ ਪੁਸਤਕਾਂ ਪਾ ਕੇ ਅਮਿੱਟ ਛਾਪ ਛੱਡੀ। ਜੈਤੇਗ ਸਿੰਘ ਅਨੰਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਅਦੀਬਾਂ ਤੇ ਫ਼ਨਕਾਰਾਂ ਵਿਚਕਾਰ ਇੱਕ ਮਜ਼ਬੂਤ ਸਾਹਿਤਕ ਪੁਲ ਸਨ। ਗੁਰਮੁਖੀ ਵਿਚ ਪ੍ਰਕਾਸ਼ਿਤ ਸਿੱਖ ਇਤਿਹਾਸਕ ਪੁਸਤਕਾਂ ਨੂੰ ਸ਼ਾਹਮੁਖੀ ਵਿਚ ਛਪਵਾ ਕੇ ਉਨ੍ਹਾਂ ਨੇ ਇਹ ਸਾਹਿਤ ਪਾਕਿਸਤਾਨ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ, ਜਿਸ ਕਾਰਨ ਦੋਹਾਂ ਪੰਜਾਬਾਂ ਵਿਚ ਉਨ੍ਹਾਂ ਨੂੰ ਅਪਾਰ ਮਾਣ ਅਤੇ ਸਤਿਕਾਰ ਪ੍ਰਾਪਤ ਹੋਇਆ।
ਇਸ ਮੌਕੇ ਨਾਮਧਾਰੀ ਸੰਸਥਾ ਦੇ ਮੁਖੀ ਠਾਕੁਰ ਦਲੀਪ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਯੂ.ਕੇ. ਦੇ ਸੰਚਾਲਕ ਜੁਝਾਰ ਸਿੰਘ, ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਦੀ ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ, ਐਸੋਸੀਏਟ ਪ੍ਰੋਫੈਸਰ ਪਰਮਜੀਤ ਕੌਰ, ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਭਾਰਤ ਵਿਚ ਇੰਚਾਰਜ ਉਜਾਗਰ ਸਿੰਘ ਅਤੇ ਅਰਪਨ ਲਿਖਾਰੀ ਸਭਾ ਕੈਲਗਰੀ ਦੇ ਸਤਨਾਮ ਸਿੰਘ ਢਾਅ ਵੱਲੋਂ ਭੇਜੇ ਗਏ ਸ਼ੋਕ ਸੁਨੇਹਿਆਂ ਰਾਹੀਂ ਵੀ ਜੈਤੇਗ ਸਿੰਘ ਅਨੰਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸ. ਅਨੰਤ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਕੁਲਬੀਰ ਸਿੰਘ ਅਨੰਤ, ਨੂੰਹ ਵੰਦਨਾ ਕੌਰ ਢੀਂਡਸਾ ਅਤੇ ਪਰਮਿੰਦਰ ਸਿੰਘ ਰੇਖੀ ਨੇ ਦੁੱਖ ਦੀ ਇਸ ਘੜੀ ਵਿਚ ਸਾਥ ਨਿਭਾਉਣ ਲਈ ਪਹੁੰਚੇ ਸਾਰੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਅਤੇ ਸ਼ੁੱਭਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।