ਨਾਟਕਕਾਰ ਗੁਰਸ਼ਰਨ ਸਿੰਘ ਇਨਕਲਾਬੀ ਰੰਗਮੰਚ ਦੀ ਵਡਮੁੱਲੀ ਵਿਰਾਸਤ: ਡਾ. ਅਤੁਲ
ਭਾਅ ਜੀ ਗੁਰਸ਼ਰਨ ਸਿੰਘ ਦੇ 96ਵੇਂ ਜਨਮ ਦਿਵਸ ਮੌਕੇ ਹੋਇਆ ਸਮਾਗਮ
ਪੁਸਤਕ ‘ਫਲਸਤੀਨ ਦੀ ਆਵਾਜ਼’ ਦਾ ਹੋਇਆ ਲੋਕ ਅਰਪਣ
ਅੰਮ੍ਰਿਤਸਰ, 13 ਸਤੰਬਰ 2025- ਗੁਰਸ਼ਰਨ ਸਿੰਘ ਯਾਦਗਰ ਟਰੱਸਟ ਵੱਲੋਂ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ ਦੇ 96ਵੇਂ ਜਨਮ ਦਿਹਾੜੇ ਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਰਣਜੀਤਪੁਰਾ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਇਕ ਯਾਦਗਾਰੀ ਸਮਾਗਮ ਕੀਤਾ ਗਿਆ ਜਿਸ ਵਿੱਚ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਵੱਲੋਂ ਅਮੋਲਕ ਸਿੰਘ ਅਤੇ ਚਿੰਤਕ ਯਸ਼ ਪਾਲ ਵੱਲੋਂ ਫਲਸਤੀਨ ਦੇ ਲੋਕਾਂ ਦੀ ਨਸਲਕੁਸ਼ੀ ਵਿਰੁੱਧ ਚੇਤਨ ਕਰਦੀ ਸੰਪਾਦਤ ਪੁਸਤਕ ‘ ਫਲਸਤੀਨ ਦੀ ਆਵਾਜ਼’ ਲੋਕ ਅਰਪਣ ਕੀਤੀ ਗਈ।ਇਸ ਸਮਾਗਮ ਦਾ ਆਗਾਜ਼ ਹੜ੍ਹਾਂ ਵਿੱਚ ਮਾਰੇ ਗਏ ਅਤੇ ਉਜਾੜੇ ਮੂੰਹ ਆਏ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਦਾ ਖੜੇ ਹੋ ਕੇ ਇਜਹਾਰ ਕਰਨ ਨਾਲ ਕੀਤਾ ਗਿਆ।
ਸਮਾਗਮ ਦੇੇ ਮੁੱਖ ਵਕਤਾ ਲੋਕ ਪੱਖੀ ਬੁੱਧੀਜੀਵੀ ਅਤੇ ਜੇਐਨਯੂ ਦੇ ਪ੍ਰੋ. ਡਾ.ਅਤੁਲ ਨੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਅਤੇ ਸਮਾਜਕ ਜਮਹੂਰੀ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਸ਼ਰਨ ਭਾਅ ਜੀ ਨੇ ਲੋਕ ਪੱਖੀ ਰੰਗਮੰਚ ਦੇ ਮਾਧਿਅਮ ਰਾਹੀਂ ਇਨਕਲਾਬੀ ਸਿਧਾਂਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਜੀਵਨ ਦੱਬੇ ਕੁਚਲੇ ਮਿਹਨਤਕਸ਼ ਲੋਕਾਂ,ਕਿਸਾਨਾਂ, ਮਜ਼ਦੂਰਾਂ,ਔਰਤਾਂ, ਨੌਜਵਾਨਾਂ ਅਤੇ ਪਿਛੜੇ ਵਰਗਾਂ ਨੂੰ ਜਮਹੂਰੀ ਹੱਕਾਂ ਲਈ ਚੇਤਨ ਅਤੇ ਜੱਥੇਬੰਦ ਕਰਨ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਇਕ ਸਿਹਤਮੰਦ ਸਭਿਆਚਾਰ ਅਤੇ ਲੁੱਟ ਰਹਿਤ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਆਪਣੀ ਸਾਰੀ ਜ਼ਿੰਦਗੀ ਰੰਗ ਮੰਚ ਦੇ ਲੇਖੇ ਲਾ ਦਿੱਤੀ।
ਮਨੁੱਖੀ ਅਧਿਕਾਰਾਂ ਦੇ ਨਾਮਵਰ ਕਾਰਕੁਨ ਡਾ.ਨਵਸ਼ਰਨ ਨੇ ਕਿਹਾ ਕਿ ਮੌਜੂਦਾ ਹਕੂਮਤਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਸਖ਼ਤ ਰੋਕਾਂ ਲਾ ਰਹੀਆਂ ਹਨ ਅਤੇ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਗੁਲਫ਼ਿਸ਼ਾ ਫਾਤਿਮਾ ਸਮੇਤ ਸਮਾਜਿਕ ਕਾਰਕੁੰਨ ਯੂਏਪੀਏ ਦੇ ਸਖ਼ਤ ਕਾਨੂੰਨ ਤਹਿਤ ਬਿਨਾਂ ਕਿਸੇ ਦੋਸ਼ ਅਤੇ ਸਬੂਤਾਂ ਦੇ ਪਿਛਲੇ ਪੰਜ ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਉਨ੍ਹਾਂ ਨੂੰ ਇਕ ਸਾਜਿਸ਼ ਹੇਠ ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਇਸੇ ਤਰਾਂ ਭੀਮਾ ਕੋਰੇਗਾਂਵ ਕਥਿਤ ਹਿੰਸਾ ਕੇਸ ਵਿੱਚ ਦੇਸ਼ ਦੇ ਨਾਮਵਰ ਬੁੱਧੀਜੀਵੀ, ਪੱਤਰਕਾਰ, ਲੇਖਕ,ਵਕੀਲ, ਪਿਛਲੇ ਸੱਤ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ ਜਿਸਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।
ਇਸ ਮੌਕੇ ਉੱਘੇ ਜਮਹੂਰੀ ਚਿੰਤਕ ਡਾ.ਪਰਮਿੰਦਰ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਨੇ ਪੂਰੇ ਪੰਜ ਦਹਾਕੇ ਲੋਕ ਪੱਖੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਦੇ ਬਿਖੜੇ ਤੇ ਔਖੇ ਰਾਹਾਂ ਉਤੇ ਚਲਦਿਆਂ ਫ਼ਿਰਕੂ ਦਹਿਸ਼ਤਗਰਦੀ ਅਤੇ ਹਕੂਮਤੀ ਜਬਰ ਦਾ ਪੂਰੀ ਨਿਡਰਤਾ ਨਾਲ ਟਾਕਰਾ ਕੀਤਾ ਅਤੇ ਸਾਨੂੰ ਵੀ ਦੇਸੀ ਵਿਦੇਸ਼ੀ ਹਕੂਮਤਾਂ ਵੱਲੋਂ ਆਦਿਵਾਸੀਆਂ,ਫ਼ਲਸਤੀਨੀਆਂ, ਮਾਓਵਾਦੀਆਂ,ਦਲਿਤਾਂ, ਕਿਸਾਨਾਂ, ਮਜ਼ਦੂਰਾਂ ਨਾਲ ਕੀਤੇ ਜਾ ਰਹੇ ਜ਼ਬਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਬੜੇ ਹੀ ਭਾਵੁਕ ਅੰਦਾਜ਼ ਵਿੱਚ ਭਾਅ ਜੀ ਨਾਲ ਕੀਤੇ ਰੰਗਮੰਚ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾਂ ਦੱਸਿਆ ਕਿ ਕਿਵੇਂ ਉਹ ਭਾਅ ਜੀ ਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋਏ ਅਤੇ ਰੰਗਮੰਚ ਦੇ ਖੇਤਰ ਨਾਲ ਜੁੜ ਗਏ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸਾਨੂੰ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਰੰਗਮੰਚ ਦੀ ਵਿਰਾਸਤ ਨੂੰ ਅੱਗੇ ਲਿਜਾਂਦੇ ਹੋਏ ਸਮੂਹ ਲੋਕ ਪੱਖੀ ਜਨਤਕ ਤੇ ਜਮਹੂਰੀ ਸੰਘਰਸ਼ਾਂ ਦਾ ਹਿੱਸਾ ਬਣਕੇ ਲੋਕ ਵਿਰੋਧੀ ਅਤੇ ਫਿਰਕੂ ਰਾਜ ਪ੍ਰਬੰਧ ਨੂੰ ਬਦਲਣ ਲਈ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ।
ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਜਮਹੂਰੀ ਫਰੰਟ ਦੇ ਬਾਨੀ ਕਨਵੀਨਰ ਗੁਰਸ਼ਰਨ ਸਿੰਘ ਦੀਆਂ ਸ਼ਾਨਦਾਰ ਇਨਕਲਾਬੀ ਪਿਰਤਾਂ ਨੂੰ ਬੁਲੰਦ ਰੱਖਦੇ ਹੋਏ ਜਨਤਕ ਜਮਹੂਰੀ ਸੰਸਥਾਵਾਂ ਵਿੱਚ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਕਤਲੇਆਮ ਦੇ ਵਿਰੁੱਧ ਆਵਾਜ਼ ਉੱਠਣਾ ਸੁਲੱਖਣਾ ਵਰਤਾਰਾ ਹੈ। ਸਮਾਗਮ ਦੇ ਸ਼ੁਰੂ ਵਿੱਚ ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਕੁਸ਼ਾਗਰ ਕਾਲੀਆ,ਹਰਸ਼ਿਤਾ,ਧਰਮਿੰਦਰ ਮਸਾਣੀ, ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਗੁਰਸ਼ਰਨ ਭਾਅ ਜੀ ਦੀ ਬੇਟੀ ਡਾ.ਅਰੀਤ ਨੇ ਗੁਰਸ਼ਰਨ ਸਿੰਘ ਯਾਦਗਾਰ ਟਰੱਸਟ ਵੱਲੋਂ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਅਤੇ ਵੱਖ ਵੱਖ ਸਹਿਯੋਗੀ ਸੰਸਥਾਵਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੀਤ ਨਗਰ ਤੋਂ ਹਿਰਦੇਪਾਲ ਸਿੰਘ,ਪਰਵੀਨ ਕੌਰ,ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੋਂ ਸੁਰਿੰਦਰ ਕੁਮਾਰੀ ਕੋਛੜ, ਰੰਗ ਮੰਚ ਅਦਾਕਾਰਾ ਜਤਿੰਦਰ ਕੌਰ,ਅਦਾਕਾਰ ਇਕੱਤਰ ਸਿੰਘ, ਸੂਬਾਈ ਤਰਕਸ਼ੀਲ ਆਗੂ ਸੁਮੀਤ ਸਿੰਘ ਤੇ ਰਾਮ ਸਵਰਨ ਲੱਖੇਵਾਲੀ, ਮਜ਼ਦੂਰ ਆਗੂ ਹਰਮੇਸ਼ ਮਾਲੜੀ, ਔਰਤ ਆਗੂ ਰਾਜਿੰਦਰ ਪਾਲ ਕੌਰ,ਕਿਸਾਨ ਆਗੂ ਗੁਰਬਚਨ ਸਿੰਘ,ਕਿਸਾਨ ਆਗੂ ਡਾ.ਪਰਮਿੰਦਰ ਪੰਡੋਰੀ, ਯਸ਼ਪਾਲ ਝਬਾਲ, ਮੁਲਾਜ਼ਮ ਆਗੂ ਕਿਸ਼ਨ ਸਿੰਘ,ਮਲਕੀਤ ਸਿੰਘ ਸੈਂਸਰਾ, ਡਾ.ਇਕਬਾਲ ਕੌਰ ਸੌਂਦ,ਡਾ.ਇੰਦਰਾ ਵਿਰਕ, ਐਡਵੋਕੇਟ ਅਮਰਜੀਤ ਬਾਈ,ਪ੍ਰੋ ਅਮਰਜੀਤ ਸਿੱਧੂ,ਜਗਤਾਰ ਕਰਮਪੁਰਾ,ਬਲਦੇਵ ਰਾਜ ਵੇਰਕਾ, ਅਮਰਜੀਤ ਵੇਰਕਾ, ਪ੍ਰਿੰ.ਮੇਲਾ ਰਾਮ, ਡਾ.ਕੁਲਦੀਪ ਸਿੰਘ ,ਰਾਜ ਕੁਮਾਰ ਵੇਰਕਾ, ਦਮਨਜੀਤ ਕੌਰ, ਹਰਜੀਤ ਸੰਧੂ, ਗੁਰਤੇਜ ਮਾਨ,ਪਵਨਦੀਪ, ਕੁਲਬੀਰ ਜੇਠੂਵਾਲ,ਜਸਵੰਤ ਜੱਸ,ਗੁਰਪ੍ਰੀਤ ਲਲਕਾਰ, ਕਰਤਾਰ ਸਿੰਘ ਐਮ ਏ, ਅਮਰਜੀਤ ਆਦਮਪੁਰ,ਗੁਰਪਾਲ ਗੁਰੀ, ਪ੍ਰੇਮ ਚੰਦ ਸਮੇਤ ਕਿਸਾਨ ,ਮਜ਼ਦੂਰ, ਮੁਲਾਜ਼ਮ,ਤਰਕਸ਼ੀਲ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।