ਸਰਹੱਦੀ ਖੇਤਰ ਭੂਰੇ ਗਿੱਲ ਵਿਖੇ ਨਸ਼ਾ ਸਮਗਲਰ ਦਾ ਘਰ ਪੰਚਾਇਤ ਵਿਭਾਗ ਨੇ ਢਾਹਿਆ
- ਨਸ਼ੇ ਦੇ ਸੌਦਾਗਰਾਂ ਵਿਰੁੱਧ ਪੰਜਾਬ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ- ਜਿਲਾ ਪੁਲਿਸ ਮੁਖੀ
ਅੰਮ੍ਰਿਤਸਰ ,17 ਜੁਲਾਈ 2025 - ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਪੰਚਾਇਤ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਸਰਹੱਦੀ ਪਿੰਡ ਭੂਰੇ ਗਿੱਲ, ਥਾਣਾ ਰਮਦਾਸ ਦੇ ਰਹਿਣ ਵਾਲੇ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ, ਜੋ ਕਿ ਚਿੱਟੇ ਦਾ ਸਮਗਲਰ ਹੈ, ਦਾ ਨਜਾਇਜ਼ ਬਣਾਇਆ ਗਿਆ ਘਰ ਮਲੀਆਮੇਟ ਕਰ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਗਗਨਦੀਪ ਸਿੰਘ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਵੱਖ-ਵੱਖ ਧਰਾਵਾਂ ਅਧੀਨ ਛੇ ਮੁਕਦਮੇ ਦਰਜ ਹਨ ਅਤੇ ਇਸ ਨੇ ਪਿੰਡ ਭੂਰੇ ਗਿੱਲ ਦੀ ਪੰਚਾਇਤੀ ਜਮੀਨ ਉਤੇ ਨਾਜਾਇਜ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ। ਜਿਸ ਸਬੰਧ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਸਰਪੰਚ ਵੱਲੋਂ ਇਸ ਦੇ ਖਿਲਾਫ ਮਤਾ ਪਾ ਕੇ ਬੀਡੀਪੀਓ ਰਮਦਾਸ ਦੀ ਸਹਾਇਤਾ ਮੰਗੀ ਗਈ ਅਤੇ ਅੱਜ ਬੀਡੀਪੀਓ ਰਮਦਾਸ ਸ੍ਰੀ ਪਵਨ ਕੁਮਾਰ ਵੱਲੋਂ ਪੁਲਿਸ ਦੀ ਮਦਦ ਨਾਲ ਨਸ਼ਟ ਕਰਕੇ ਉਸ ਦਾ ਕਬਜ਼ਾ ਬੀਡੀਪੀਓ ਰਮਦਾਸ ਰਾਹੀਂ ਪਿੰਡ ਦੀ ਪੰਚਾਇਤ ਨੂੰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇਗੀ।
ਇਸ ਮੌਕੇ ਪਹੁੰਚੇ ਐਸ ਪੀ ਹੈਡਕੁਆਰਟਰ ਸ੍ਰੀ ਅਦਿਤਿਆ ਵਾਰੀਅਰ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਵਕਤ ਭਗੋੜਾ ਚੱਲ ਰਿਹਾ ਹੈ। ਗਗਨਦੀਪ ਸਿੰਘ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਇਹ ਘਰ ਬਣਾਇਆ ਹੋਇਆ ਸੀ ਇਸ ਲਈ ਇਹ ਘਰ ਜਾਬਤੇ ਅਨੁਸਾਰ ਖਾਲੀ ਕਰਵਾ ਕੇ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗਗਨਦੀਪ ਸਿੰਘ ਵਰਗੇ ਹੋਰ ਨਸ਼ਾ ਤਸਕਰਾਂ ਨੂੰ ਇਹ ਸਖਤ ਤਾੜਨਾ ਹੈ ਕਿ ਉਹ ਜਾਂ ਤਾਂ ਮਾੜੇ ਕੰਮ ਛੱਡ ਕੇ ਮੁੱਖਧਾਰਾ ਵਿੱਚ ਸ਼ਾਮਿਲ ਹੋ ਕੇ ਆਮ ਜਿੰਦਗੀ ਬਤੀਤ ਕਰਨ ਨਹੀਂ ਤਾਂ ਜੇਲ ਜਾਣ ਲਈ ਤਿਆਰ ਰਹਿਣ। ਅਜਿਹੇ ਹੋਰ ਨਸ਼ਾ ਤਸਕਰਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ।