ਨਗਰ ਨਿਗਮ ਨੇ ਸਫ਼ਾਈ ਵਿਵਸਥਾ ਬਰਕਰਾਰ ਰੱਖਣ ਲਈ ਚਲਾਨ ਕੱਟੇ
ਦੁਕਾਨਦਾਰ ਅਤੇ ਰੇਹੜੀਆਂ ਆਦਿ ਵਾਲਿਆਂ ਨੂੰ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਬਟਾਲਾ, 15 ਜੁਲਾਈ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਸਖ਼ਤ ਰੁਖ਼ ਅਪਣਾਇਆ ਗਿਆ ਹੈ, ਜਿਸ ਦੇ ਚੱਲਦਿਆਂ ਅੱਜ ਜਲੰਧਰ ਰੋਡ ’ਤੇ ਸਫ਼ਾਈ ਨਾ ਰੱਖਣ ਵਾਲੇ 08 ਦੁਕਾਨਦਾਰਾਂ/ਰੇਹੜੀਆਂ ਵਾਲਿਆਂ ਦਾ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ ਚਲਾਨ ਕੱਟਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪ੍ਰਭਜੋਤ ਕੌਰ, ਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੈਸੀਟੀ ਬਿਲਡਿੰਗ ਐਕਸਪਰਟ ਨੇ ਦੱਸਿਆ ਕਿ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਬਟਾਲਾ ਵੱਲੋਂ ਲਗਾਤਾਰ ਸ਼ਹਿਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਲਗਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕੂੜਾ ਆਦਿ ਸੁੱਟਣ ਲਈ ਡਸਟਬੀਨ ਦੀ ਵਰਤੋ ਕਰਨ ਅਤੇ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ।
ਉਨਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਨਾਂ ਵਲੋਂ ਲਗਾਤਾਰ ਸ਼ਹਿਰ ਵਿੱਚ ਸਾਫ਼ ਸਫਾਈ ਸਬੰਧੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣ, ਦੁਕਾਨਾਂ ਵਿੱਚ ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਟੀਮ ਦਾ ਸਹਿਯੋਗ ਕੀਤਾ ਜਾਵੇ।