ਨਗਰ ਕੌਂਸਲ ਨੇ ਲੋਕਾਂ ਦੀਆਂ ਪ੍ਰਾਈਵੇਟ ਪ੍ਰਾਪਰਟੀਆਂ ਨੂੰ ਬਣਾਇਆ ਕੂੜੇ ਦਾ ਡੰਪ: ਪ੍ਰਧਾਨ ਰਾਣਾ ਮੰਨੇ, ਈਓ ਮੁੱਕਰੇ
ਦੀਪਕ ਜੈਨ
ਜਗਰਾਉਂ, 18 ਜੁਲਾਈ 2025 - ਨਗਰ ਕੌਂਸਲ ਜਗਰਾਉਂ ਲਈ ਕੂੜੇ ਦੀ ਸਮੱਸਿਆ ਦਾ ਜਖਮ ਹੁਣ ਨਸੂਰ ਬਣ ਗਿਆ ਹੈ। ਇਸ ਨਸੂਰ ਬਣੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲੱਗਦਾ ਹੁਣ ਨਗਰ ਕੌਂਸਲ ਦੇ ਸਾਰੇ ਰਾਹ ਬੰਦ ਹੋ ਗਏ ਹਨ। ਫਿਰ ਵੀ ਨਗਰ ਕੌਂਸਲ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੱਥ ਪੱਲੇ ਮਾਰ ਰਹੀ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ ਚੱਲ ਗਈ ਹੁਣ ਨਾਗਰ ਕੌਂਸਲ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੀਂ ਕਾਢ ਕੱਢਦੇ ਹੋਏ ਖੰਜੂਰਾ ਕੋਠਿਆਂ ਤੋਂ ਅਲੀਗੜ੍ਹ ਰੋਡ ਤੇ ਬਣੇ ਸੂਏ ਦੇ ਨੇੜੇ ਇੱਕ ਨਿੱਜੀ ਫਾਰਮ ਹਾਊਸ ਦੀ ਚਾਰ ਦੁਵਾਰੀ ਅੰਦਰ ਕੂੜੇ ਦਾ ਡੰਪ ਬਣਾ ਦਿੱਤਾ ਹੈ।
ਉਸ ਫਾਰਮ ਹਾਊਸ ਦੇ ਮਾਲਕ ਜਗਰਾਉਂ ਦੇ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਮਾਲਕੀ ਦੀ ਜਗ੍ਹਾ ਵਿੱਚ ਰੋਇਲ ਸਿਟੀ ਦੀ ਪਿਛਲੀ ਦੀਵਾਰ ਦੇ ਨਾਲ ਲੱਗਦੇ ਪਾਸੇ ਇਹ ਫਾਰਮ ਹਾਊਸ ਬਣਾਇਆ ਹੈ ਜਿਸ ਦੀ ਉਸਾਰੀ ਦਾ ਕੰਮ ਹਾਲੇ ਬਾਕੀ ਹੈ ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਫਾਰਮ ਹਾਊਸ ਤੇ ਚਾਰ ਦਵਾਰੀ ਕੀਤੀ ਹੋਈ ਹੈ ਪਰ ਮੁੱਖ ਗੇਟ ਨਹੀਂ ਲੱਗਾ ਅਤੇ ਫਾਰਮ ਹਾਊਸ ਦੇ ਅੰਦਰ ਖਾਲੀ ਪਈ ਜਗਹਾ ਤੇ ਨਗਰ ਕੌਂਸਲ ਵੱਲੋਂ ਮਾਰ ਨਾਲ ਰਾਤ ਦੇ ਹਨੇਰੇ ਚ ਚੋਰਾਂ ਵਾਂਗੂੰ ਕਈ ਟਰਾਲੀਆਂ ਕੂੜੇ ਦੀਆਂ ਡੰਪ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਫਾਰਮ ਹਾਊਸ ਪੂਰਾ ਬਣਿਆ ਨਾ ਹੋਣ ਕਰਕੇ ਉਹ ਇੱਥੇ ਕਦੀ ਕਦਾਈ ਹੀ ਗੇੜਾ ਮਾਰਦੇ ਹਨ।
ਉਨਾਂ ਨੂੰ ਆਪਣੇ ਫਾਰਮ ਹਾਊਸ ਅੰਦਰ ਬਣਾਏ ਕੂੜੇ ਦੇ ਡੰਪ ਦਾ ਉਦੋਂ ਪਤਾ ਲੱਗਾ ਜਦੋਂ ਉਹਨਾਂ ਦੇ ਫਾਰਮ ਹਾਊਸ ਨਾਲ ਲੱਗਦੀ ਰੋਇਲ ਚ ਡੀ ਕਲੋਨੀ ਦੇ ਵਸਨੀਕਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਫਾਰਮ ਹਾਊਸ ਤੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਹੈ। ਜਦ ਉਨਾਂ ਨੇ ਆਪਣੇ ਫਾਰਮ ਹਾਊਸ ਤੇ ਜਾ ਕੇ ਦੇਖਿਆ ਤਾਂ ਉਹਨਾਂ ਦਾ ਫਾਰਮ ਹਾਊਸ ਜੋ ਉਹਨਾਂ ਨੇ ਬੜੇ ਸ਼ੌਂਕ ਨਾਲ ਬਣਾਉਣਾ ਸ਼ੁਰੂ ਕੀਤਾ ਹੈ ਨੂੰ ਨਗਰ ਕੌਂਸਲ ਨੇ ਕੂੜੇ ਦੇ ਡੰਪ ਵਿੱਚ ਤਬਦੀਲ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਇਹ ਦੇਖ ਕੇ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਹੈ।
ਫਾਰਮ ਹਾਊਸ ਦੇ ਮਾਲਕ ਅਨਿਲ ਕੁਮਾਰ ਛੰਟੀ ਚੋਪੜਾ ਨੇ ਦੱਸਿਆ ਕਿ ਇਸ ਫਾਰਮ ਹਾਊਸ ਵਿੱਚ ਰਮੇਸ਼ ਕੁਮਾਰ ਮਿੰਟੂ, ਸੰਜੀਵ ਗੋਇਲ, ਦਿਨੇਸ਼ ਕੁਮਾਰ (ਕਾਕਾ ਸਟੂਡੀਓ), ਐਡਵੋਕੇਟ ਦਿਨੇਸ਼ ਕਤਿਆਲ ਹਨ। ਅਨਿਲ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਫਾਰਮ ਹਾਊਸ ਵਿੱਚ ਹਿੱਸੇਦਾਰ ਸੰਜੀਵ ਕੁਮਾਰ ਨੇ ਜਦੋਂ ਉਨਾਂ ਦੀ ਜਗ੍ਹਾ ਵਿੱਚ ਕੂੜਾ ਸੁੱਟਣ ਬਾਰੇ ਈਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਮੀਟਿੰਗ ਤੇ ਬਾਹਰ ਹਨ ਆ ਕੇ ਗੱਲ ਕਰਨਗੇ। ਜਦ ਸੰਜੀਵ ਕੁਮਾਰ ਨੇ ਕੌਂਸਲ ਪ੍ਰਧਾਨ ਨਾਲ ਰਾਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਕੂੜੇ ਨੂੰ ਧਰਤੀ ਵਿੱਚ ਟੋਇਆ ਪੱਟ ਕੇ ਦੱਬ ਦੇਣਗੇ ਪਰ ਸਾਡੇ ਹਿੱਸੇਦਾਰਾਂ ਨੂੰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਹੈ ਉਹਨਾਂ ਕਿਹਾ ਕਿ ਨਗਰ ਕੌਂਸਲ ਨੂੰ ਕਿਸੇ ਦੀ ਨਿੱਜੀ ਜਗ੍ਹਾ ਤੇ ਕੂੜਾ ਸਿੱਟਣ ਦਾ ਕੋਈ ਹੱਕ ਨਹੀਂ ਜੇਕਰ ਉਹਨਾਂ ਨੇ ਸਿੱਟਿਆ ਹੈ ਤਾਂ ਉਹਨਾਂ ਨੂੰ ਉਥੋਂ ਚੁਕਵਾਉਣਾ ਵੀ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਗੱਲਬਾਤ ਨਾਲ ਗੱਲ ਸਿਰੇ ਨਾਲ ਲੱਗੀ ਤਾਂ ਉਹ ਕਾਨੂੰਨੀ ਰਾਹ ਅਪਣਾਉਣਗੇ।
ਕੀ ਕਿਹਾ ਕੌਂਸਲ ਪ੍ਰਧਾਨ ਰਾਣੇ ਨੇ:- ਫਾਰਮ ਹਾਊਸ ਦੇ ਮਾਲਕਾਂ ਨੇ ਜਦ ਇਸ ਸਬੰਧੀ ਕੌਂਸਲ ਪ੍ਰਧਾਨ ਰਾਣਾ ਨਾਲ ਸੰਪਰਕ ਕਰ ਉਨਾਂ ਦੇ ਫਾਰਮ ਹਾਊਸ ਵਿੱਚ ਬਣਾਏ ਕੂੜੇ ਦੇ ਡੰਪ ਤੋਂ ਜਾਣੂ ਕਰਵਾਇਆ ਤਾਂ ਪ੍ਰਦਾਨ ਰਾਣਾ ਨੇ ਕਿਹਾ ਕਿ ਉਹ ਜੇਸੀਬੀ ਨਾਲ ਤੁਹਾਡੇ ਫਾਰਮ ਹਾਊਸ ਵਿੱਚ ਇੱਕ ਖੱਡਾ ਪਟਵਾ ਕੇ ਕੂੜੇ ਨੂੰ ਧਰਤੀ ਦੀ ਹਿੱਕ ਵਿੱਚ ਜਲਦ ਹੀ ਦਫਨ ਕਰਵਾ ਦੇਣਗੇ।
ਕੀ ਕਿਹਾ ਕਾਰਜ ਸਾਦਕ ਅਫਸਰ ਨੇ:- ਇਸ ਸਬੰਧੀ ਜਦੋ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੱਲ ਇਹ ਮਾਮਲਾ ਕਿਸੇ ਸ਼ਹਿਰ ਵਾਸੀਆਂ ਵੱਲੋਂ ਫੋਨ ਤੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਰੰਧਾਵਾ ਨੇ ਕਿਹਾ ਕਿ ਇਹ ਕੂੜਾ ਨਗਰ ਕੌਂਸਲ ਨੇ ਉੱਥੇ ਡੰਪ ਨਹੀਂ ਕੀਤਾ ਸਿਰਫ ਫਾਰਮ ਹਾਊਸ ਦੇ ਮਾਲਕਾਂ ਨੂੰ ਸ਼ੱਕ ਹੈ ਪਰ ਇਹ ਕੂੜਾ ਨਗਰ ਕੌਂਸਲ ਨੇ ਉਨਾਂ ਦੀ ਜਗ੍ਹਾ ਤੇ ਡੰਪ ਨਹੀਂ ਕੀਤਾ।