ਛਤਰਪਤੀ ਕਤਲਕਾਂਡ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਮ ਰਹੀਮ ਬਰੀ
ਅਸ਼ੋਕ ਵਰਮਾ
ਬਠਿੰਡਾ , 7 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਵੱਲੋਂ ਜਾਰੀ ਵਿਸਥਾਰ ਪੂਰਵਕ ਹੁਕਮ ਅਜੇ ਆਉਣੇ ਬਾਕੀ ਹਨ ਪਰ ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਸਜ਼ਾ ਖਿਲਾਫ ਦਾਇਰ ਅਪੀਲ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਵਿੱਚ ਵੱਖ-ਵੱਖ ਤਰਹਾਂ ਦੇ ਸਵਾਲ ਉੱਠੇ ਸਨ।
ਦੱਸ ਦੇਈਏ ਕਿ 24 ਅਕਤੂਬਰ 2002 ਨੂੰ ਹਰਿਆਣਾ ਦੇ ਸਿਰਸਾ ਵਿਖੇ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ ਘਰੋਂ ਬਾਹਰ ਸੱਦਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਖਮੀ ਛਤਰਪਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ 21 ਨਵੰਬਰ 2002 ਨੂੰ ਮੌਤ ਹੋ ਗਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕਤਲ ਮਾਮਲੇ ’ਚ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੰਦਿਆਂ 17 ਜਨਵਰੀ 2019 ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਡੇਰਾ ਮੁਖੀ ਦਾ ਦਾਅਵਾ ਸੀ ਕਿ ਸੀਬੀਆਈ ਨੇ ਉਨ੍ਹਾਂ ਨੂੰ ਝੂਠਾ ਫਸਾਇਆ ਹੈ। ਇਸ ਕਤਲ ਸਬੰਧੀ ਤਿੰਨ ਹੋਰ ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇੰਨ੍ਹਾਂ ਵਿੱਚੋਂ ਕਿਸੇ ਨੇ ਵੀ ਡੇਰਾ ਮੁਖੀ ’ਤੇ ਕਤਲ ਦੀ ਸਜਿਸ਼ ਦਾ ਦੋਸ਼ ਨਹੀਂ ਲਾਇਆ ਸੀ। ਡੇਰਾ ਮੁਖੀ ਇਸ ਵਕਤ ਹਰਿਆਣੇ ਦੇ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ’ਚ ਬੰਦ ਹਨ।
ਰੌਚਕ ਬਣਿਆ ਕਤਲ ਮਾਮਲਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਛਤਰਪਤੀ ਮਾਮਲੇ ਦੀ ਦੁਬਾਰਾ ਸੁਣਵਾਈ ਸ਼ੁਰੂ ਹੋਈ ਹੈ। ਇਸ ਸਬੰਧੀ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕ੍ਰਮ ਅਗਰਵਾਲ ਨੇ 30 ਜਨਵਰੀ 2025 ਨੂੰ ਆਦੇਸ਼ ਦਿੱਤੇ ਸਨ ਅਤੇ ਅੰਤਿਮ ਸੁਣਵਾਈ 25 ਸਤੰਬਰ 2025 ਨੂੰ ਹੋਈ ਸੀ। ਕਰੀਬ 4 ਮਹੀਨੇ ਫੈਸਲਾ ਸੁਰੱਖਿਅਤ ਰੱਖਣ ਮਗਰੋਂ ਅਦਾਲਤ ਨੇ ਕਿਹਾ ਸੀ ਕਿ ਕੁੱਝ ਨਵੇਂ ਤੱਥ ਸਾਹਮਣੇ ਆਏ ਸਨ ਜਿੰਨ੍ਹਾਂ ਦਾ ਸਪਸ਼ਟੀਕਰਨ ਲਾਜਮੀ ਹੈ। ਅੱਜ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦਿਆਂ ਡੇਰਾ ਮੁਖੀ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਰਾਮ ਰਹੀਮ ਨੂੰ ਬਰੀ ਕਰਨ ਤੋਂ ਬਾਅਦ ਡੇਰਾ ਪ੍ਰੇਮੀਆਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
Click to Follow Babushahi Facebook page →