ਚੋਣ ਆਬਜ਼ਰਵਰ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਚੋਣ ਅਮਲੇ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ, ਵੋਟਰਾਂ ਦੀ ਸਹੂਲਤ ਅਤੇ ਵੋਟਾਂ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਚੋਣਾਂ ਦੇ ਸ਼ਾਂਤੀਪੂਰਨ ਸੰਚਾਲਨ ਲਈ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 18 ਮਈ
ਚੋਣ ਆਬਜ਼ਰਵਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੇ ਨਾਲ ਮੀਟਿੰਗ ਦੌਰਾਨ ਚੋਣ ਅਬਜ਼ਰਵਰ ਰਾਕੇਸ਼ ਕੁਮਾਰ ਪੋਪਲੀ ਵਲੋਂ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਨਾਲ ਗੱਲਬਾਤ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਚੋਣ ਫਰਜ਼ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਰਾਜ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਖ਼ਤੀ ਨਾਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਚੋਣ ਅਬਜ਼ਰਵਰ ਰਾਕੇਸ਼ ਕੁਮਾਰ ਪੋਪਲੀ ਨੇ ਪੁਲਿਸ ਵਿਭਾਗ ਦੁਆਰਾ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਚੌਣਾਂ ਨਿਰਪੱਖ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ।ਉਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।
ਚੋਣ ਆਬਜ਼ਰਵਰ ਵਲੋਂ ਵੋਟਾਂ ਵਾਲੇ ਦਿਨ ਵੋਟਰਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੋਟਰ ਬਿਨਾਂ ਕਿਸੇ ਅਸੁਵਿਧਾ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ ਲਈ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਦੇ 50 ਵਾਰਡਾਂ, ਨਗਰ ਕੌਂਸਲ ਧਾਰੀਵਾਲ ਦੇ 13 ਵਾਰਡਾਂ , ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ 13 ਵਾਰਡਾਂ ਅਤੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ 11 ਵਾਰਡਾਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਨਿਰਧਾਰਤ ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ।
ਚੋਣਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀਆਂ ਸ਼ਿਕਾਇਤਾਂ ਲਈ ਵੋਟਰ ਚੋਣ ਆਬਜ਼ਰਵਰ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 98156-64124 ਜਾਂ ਉਨ੍ਹਾਂ ਦੇ ਲਾਇਨਜ਼ ਅਫਸਰ ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤੇਸ਼ ਕੁਮਾਰ ਦੇ ਮੋਬਾਇਲ ਨੰਬਰ 87912-59388 'ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਦਾਸਪੁਰ, ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ)- ਕਮ- ਰਿਟਰਨਿੰਗ ਅਫਸਰ ਧਾਰੀਵਾਲ, ਜੁਗਰਾਜ ਸਿੰਘ ਐੱਸ ਪੀ (ਐੱਚ) ਗੁਰਦਾਸਪੁਰ, ਡਾ. ਨਵਜੋਤ ਸ਼ਰਮਾ ਐੱਸ ਡੀ.ਐਮ ਫਤਿਹਗੜ੍ਹ ਚੂੜੀਆਂ- ਕਮ-ਰਿਟਰਨਿੰਗ ਅਫਸਰ ਫਤਿਹਗੜ੍ਹ ਚੂੜੀਆਂ, ਸਾਰੰਗਪ੍ਰੀਤ ਸਿੰਘ ਐੱਸ ਡੀ ਐਮ ਬਟਾਲਾ- ਕਮ-ਆਰ ਓ ਨਗਰ ਨਿਗਮ ਬਟਾਲਾ (1 ਤੋਂ 25 ਵਾਰਡ), ਡਾ. ਰਣਧੀਰ ਠਾਕੁਰ ਮੁੱਖ ਖੇਤੀਬਾੜੀ ਅਫਸਰ- ਕਮ- ਰਿਟਰਨਿੰਗ ਅਫਸਰ ( 26 ਤੋਂ 50 ਵਾਰਡ) , ਕਰਮਬੀਰ ਮਾਹਲਾ ਸਹਾਇਕ ਕਮਿਸ਼ਨਰ-ਕਮ- ਰਿਟਰਨਿੰਗ ਅਫਸਰ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰਵਿੰਦਰ ਸਿੰਘ ਡੀ ਐੱਸ ਪੀ ਬਟਾਲਾ ਵੀ ਮੌਜੂਦ ਸਨ।
- Download Babushahi App
-
-