ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਗੁਰਦਾਸਪੁਰ ਦੇ ਵੱਖ-ਵੱਖ 4 ਸਕੂਲਾਂ ਨੂੰ ਬੰਬ ਧਮਾਕੇ ਹੋਣ ਦੀ ਈਮੇਲ ਰਾਹੀਂ ਧਮਕੀ ਆਈ
ਪ੍ਰਸ਼ਾਸਨ ਵੱਲੋਂ ਸਕੂਲਾਂ 'ਚ ਛੁੱਟੀ ਕੀਤੀ ਗਈ, ਪੁਲਿਸ ਅਧਿਕਾਰੀਆਂ ਦਾ ਕਹਿਣਾ- ਜਾਂਚ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 23 ਜਨਵਰੀ 2026: ਗੁਰਦਾਸਪੁਰ 'ਚ ਸਥਿਤ ਵੱਖ-ਵੱਖ ਤਿੰਨ ਨਿੱਜੀ ਸਕੂਲਾਂ ਅਤੇ ਇੱਕ ਸਰਹੱਦੀ ਇਲਾਕੇ 'ਚ ਸਥਿਤ ਜਵਾਹਰ ਨਵਉਦਿਆਲਾ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਇਸ ਮੇਲ ਦੇ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਡੀ.ਸੀ. ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਨੂੰ ਉਹਨਾਂ ਸਕੂਲਾਂ 'ਚ ਤੁਰੰਤ ਛੁੱਟੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਕਤ ਸਕੂਲਾਂ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਸਰਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜੋ ਮੇਲ ਮਿਲੀ ਸੀ, ਉਸ 'ਚ ਲਿਖਿਆ ਸੀ ਕਿ 1 ਵਜੇ ਤੱਕ ਸਕੂਲਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਅਤੇ ਸੁਪਰਡੈਂਟ ਸਿੱਖਿਆ ਵਿਭਾਗ ਗੁਰਦਾਸਪੁਰ ਪ੍ਰਬੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਡੀ.ਸੀ. ਗੁਰਦਾਸਪੁਰ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਤੁਰੰਤ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਵਿੱਚ ਛੁੱਟੀ ਕਰਨ ਦੇ ਆਦੇਸ਼ ਦਿੱਤੇ ਸਨ। ਉਧਰ ਡੀ.ਐੱਸ.ਪੀ. ਰਾਜਿੰਦਰ ਮਨਹਾਸ, ਜਿਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ, ਦਾ ਕਹਿਣਾ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਐਸੀਆਂ ਮੇਲ ਆਈਆਂ ਸਨ ਅਤੇ ਉਹਨਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਸਰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਸਾਈਬਰ ਸੈੱਲ ਵੱਲੋਂ ਵੀ ਇਹਨਾਂ ਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਈਮੇਲ ਕੌਣ ਕਰ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ, ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।