ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਐਚਐਮਈਐਲ ਨੇ ਮੁਹੱਈਆ ਕਰਵਾਏ ਸਾਧਨ, ਪਿੰਡਾਂ ਦੇ ਖਿਡਾਰੀਆਂ ਨੇ ਜਿੱਤੇ ਮੈਡਲ
ਅਸ਼ੋਕ ਵਰਮਾ
ਬਠਿੰਡਾ 1 ਜੂਨ 2026: ਜੇਕਰ ਢੰਗ ਦੇ ਸਾਧਨ ਅਤੇ ਮੌਕੇ ਮਿਲਣ ਤਾਂ ਪੰਜਾਬ ਦੇ ਹਰ ਪਿੰਡ ਵਿੱਚੋਂ ਰਾਜ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਹੋ ਸਕਦੇ ਹਨ। ਇਸ ਗੱਲ ਨੂੰ ਪੱਕਾ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ। ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੱਕਾ ਕਲਾਂ ਸਕੂਲ ਵਿੱਚ ਖੇਡ ਪ੍ਰਤਿਭਾਵਾਂ ਨੂੰ ਉਭਾਰਨ ਲਈ ਲਗਾਤਾਰ ਕੰਮ ਕੀਤਾ, ਜਿਸ ਦੇ ਨਤੀਜੇ ਵਜੋਂ ਅੱਜ ਇਸ ਸਕੂਲ ਦੇ ਵਿਦਿਆਰਥੀ ਕਬੱਡੀ, ਜੂਡੋ, ਸ਼ਤਰੰਜ ਅਤੇ ਕੁਸ਼ਤੀ ਵਿੱਚ ਰਾਜ ਪੱਧਰ ‘ਤੇ ਆਪਣੀ ਪਛਾਣ ਬਣਾ ਰਹੇ ਹਨ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਵੀ ਭਾਗ ਲੈ ਰਹੇ ਹਨ।
ਪਿਛਲੇ ਤਿੰਨ ਸਾਲਾਂ ਵਿੱਚ ਸਕੂਲ ਦੀ ਕਬੱਡੀ ਟੀਮ ਨੇ ਬਲਾਕ ਪੱਧਰ ‘ਤੇ 9 ਸੋਨੇ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ 2 ਚਾਂਦੀ ਅਤੇ ਕਾਂਸੀ ਦੇ ਤਗਮੇ ਅਤੇ ਰਾਜ ਪੱਧਰ ‘ਤੇ 4 ਤਗਮੇ ਆਪਣੇ ਨਾਮ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਖਿਡਾਰੀ ਆਮ ਮਜ਼ਦੂਰ ਅਤੇ ਛੋਟੇ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਦੀ ਪਛਾਣ ਹੁਣ ਉਨ੍ਹਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਕਰਕੇ ਬਣ ਰਹੀ ਹੈ।
ਸਕੂਲ ਦੇ ਡੀਪੀਈ ਹਰਪ੍ਰੀਤ ਸਿੰਘ ਨੂੰ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਦਾ ਅਹਿਸਾਸ ਪਹਿਲਾਂ ਤੋਂ ਹੀ ਸੀ, ਪਰ ਉਹ ਉਨ੍ਹਾਂ ਦੀ ਆਰਥਿਕ ਹਾਲਤ ਨਾਲ ਵੀ ਜਾਣੂ ਸਨ। ਵਿਦਿਆਰਥੀ ਕਬੱਡੀ ਖੇਡਣਾ ਚਾਹੁੰਦੇ ਸਨ, ਪਰ ਸਕੂਲ ਕੋਲ ਮੈਟ ਨਹੀਂ ਸਨ ਅਤੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਿਤ ਹੋਣ ਕਾਰਨ ਬੱਚਿਆਂ ਕੋਲ ਕਬੱਡੀ ਕਿੱਟਾਂ ਅਤੇ ਜੁੱਤੇ ਵੀ ਨਹੀਂ ਸਨ।
ਇਸ ਸਮੱਸਿਆ ਨੂੰ ਦੇਖਦਿਆਂ ਹਰਪ੍ਰੀਤ ਸਿੰਘ ਨੇ 2022 ਵਿੱਚ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨਾਲ ਸੰਪਰਕ ਕੀਤਾ। ਰਿਫਾਇਨਰੀ ਵੱਲੋਂ ਸਕੂਲ ਨੂੰ ਕਬੱਡੀ ਮੈਟ ਮੁਹੱਈਆ ਕਰਵਾਏ ਗਏ, ਜਿਸ ਨਾਲ ਨਿਯਮਿਤ ਅਭਿਆਸ ਸ਼ੁਰੂ ਹੋ ਗਿਆ। 2023 ਵਿੱਚ ਖਿਡਾਰੀਆਂ ਨੂੰ ਕਬੱਡੀ ਕਿੱਟਾਂ ਦੀ ਲੋੜ ਮਹਿਸੂਸ ਹੋਈ, ਜਿਸ ਨੂੰ ਵੀ ਐਚਐਮਈਐਲ ਨੇ ਪੂਰਾ ਕੀਤਾ। ਇਸ ਨਾਲ ਨੌਜਵਾਨਾਂ ਦਾ ਉਤਸ਼ਾਹ ਵਧਿਆ ਅਤੇ ਲਗਭਗ 30 ਵਿਦਿਆਰਥੀ ਕਬੱਡੀ ਨਾਲ ਜੁੜ ਗਏ।
ਪਰ ਨਿਰੰਤਰ ਅਭਿਆਸ ਲਈ ਇੱਕ ਢੁੱਕਵੇਂ ਸਥਾਨ ਦੀ ਲੋੜ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਐਚਐਮਈਐਲ ਨੇ 2024 ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਪੱਕਾ ਕਲਾਂ ਵਿੱਚ ਇੱਕ ਆਧੁਨਿਕ ਮਲਟੀਪਰਪਜ਼ ਹਾਲ ਤਿਆਰ ਕਰਵਾਇਆ। ਇਸ ਹਾਲ ਵਿੱਚ ਕਬੱਡੀ ਦੇ ਨਾਲ-ਨਾਲ ਜੂਡੋ, ਕੁਸ਼ਤੀ ਅਤੇ ਸ਼ਤਰੰਜ ਵਰਗੀਆਂ ਖੇਡਾਂ ਦਾ ਅਭਿਆਸ ਵੀ ਸ਼ੁਰੂ ਹੋਇਆ।
ਲਗਾਤਾਰ ਅਭਿਆਸ ਦਾ ਨਤੀਜਾ ਇਹ ਨਿਕਲਿਆ ਕਿ ਸਕੂਲ ਦੀ ਕਬੱਡੀ ਟੀਮ ਨੇ ਬਲਾਕ ਪੱਧਰ ‘ਤੇ ਲਗਾਤਾਰ 9 ਸੋਨੇ ਦੇ ਤਗਮੇ ਜਿੱਤੇ। ਇਸ ਤੋਂ ਬਾਅਦ ਖਿਡਾਰੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਹਾਸਲ ਕੀਤੇ। ਹੁਣ ਇੱਥੋਂ ਦੇ ਨੌਜਵਾਨ ਰਾਸ਼ਟਰੀ ਪੱਧਰ ‘ਤੇ ਵੀ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ।
ਇਸ ਤੋਂ ਇਲਾਵਾ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਿਫਾਇਨਰੀ ਨੇ ਸਕੂਲ ਨੂੰ ਟੇਬਲ ਟੈਨਿਸ, ਬੈਡਮਿੰਟਨ ਰੈਕੇਟ, ਕ੍ਰਿਕਟ ਕਿੱਟ ਅਤੇ ਹੋਰ ਖੇਡ ਸਮੱਗਰੀ ਵੀ ਮੁਹੱਈਆ ਕਰਵਾਈ। ਮਲਟੀਪਰਪਜ਼ ਹਾਲ ਇੰਡੋਰ ਖੇਡ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ, ਜਿੱਥੇ ਅਭਿਆਸ ਕਰਕੇ ਵਿਦਿਆਰਥੀਆਂ ਨੇ ਕਬੱਡੀ, ਕੁਸ਼ਤੀ ਅਤੇ ਸ਼ਤਰੰਜ ਵਿੱਚ ਰਾਜ ਪੱਧਰ ‘ਤੇ ਮੈਡਲ ਹਾਸਲ ਕੀਤੇ ਹਨ।
ਮਜ਼ਦੂਰ ਦਾ ਪੁੱਤਰ ਤਿੰਨ ਸਾਲਾਂ ਤੋਂ ਕਬੱਡੀ ਵਿੱਚ ਜਿੱਤ ਰਿਹਾ ਹੈ ਤਗਮੇ, ਕੁੜੀਆਂ ਨੇ ਸ਼ਤਰੰਜ ਅਤੇ ਜੂਡੋ ਵਿੱਚ ਚਮਕਾਇਆ ਨਾਮ
ਪਿੰਡ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਖੁਸ਼ਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਕਬੱਡੀ ਵਿੱਚ ਰਾਜ ਪੱਧਰ ‘ਤੇ ਭਾਗ ਲੈ ਕੇ ਤਗਮੇ ਜਿੱਤ ਰਿਹਾ ਹੈ। 2022 ਵਿੱਚ ਐਚਐਮਈਐਲ ਵੱਲੋਂ ਮੈਟ ਮੁਹੱਈਆ ਕਰਵਾਏ ਜਾਣ ਤੋਂ ਬਾਅਦ ਉਸ ਨੇ 2023 ਵਿੱਚ ਰਾਜ ਪੱਧਰ ‘ਤੇ ਸੋਨੇ ਦਾ ਤਗਮਾ ਜਿੱਤਿਆ। 2024 ਵਿੱਚ ਉਸ ਨੇ ਸਕੂਲ ਗੇਮਜ਼ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਅਤੇ 2025 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਸਫਲਤਾ ਦਾ ਸਿਲਸਿਲਾ ਜਾਰੀ ਰੱਖਿਆ। ਇਸੇ ਤਰ੍ਹਾਂ ਸਕੂਲ ਦੇ ਖਿਡਾਰੀ ਹੁਸਨਪ੍ਰੀਤ ਸ਼ਰਮਾ ਦੋ ਵਾਰ ਅਤੇ ਨਿਤਿਨ ਕੁਮਾਰ ਇੱਕ ਵਾਰ ਪੰਜਾਬ ਪੱਧਰ ‘ਤੇ ਕਬੱਡੀ ਵਿੱਚ ਸਕੂਲ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਪਿੰਡ ਮਛਾਣਾ ਦੇ ਇੱਕ ਸਧਾਰਣ ਕਿਸਾਨ-ਮਜ਼ਦੂਰ ਪਰਿਵਾਰ ਦੀ ਧੀ ਜੈਸਮੀਨ ਕੌਰ ਨੇ ਸ਼ਤਰੰਜ ਵਿੱਚ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਸੋਨੇ ਦੇ ਤਗਮੇ ਅਤੇ ਰਾਜ ਪੱਧਰ ‘ਤੇ ਚਾਂਦੀ ਦਾ ਤਗਮਾ ਜਿੱਤਿਆ ਹੈ। 2025 ਵਿੱਚ ਉਸ ਨੇ ਦਸਵੀਂ ਜਮਾਤ ਵਿੱਚ 96 ਫੀਸਦੀ ਅੰਕ ਵੀ ਪ੍ਰਾਪਤ ਕੀਤੇ, ਜਿਸ ਲਈ ਰਿਫਾਇਨਰੀ ਵੱਲੋਂ ਉਸ ਨੂੰ ਨਕਦ ਸਕਾਲਰਸ਼ਿਪ ਅਤੇ ਟੈਬਲੈਟ ਦਿੱਤਾ ਗਿਆ। ਹੁਣ ਉਹ ਆਪਣੀ ਖੇਡ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਹਰ ਰੋਜ਼ ਬਠਿੰਡਾ ਅਭਿਆਸ ਕਰਨ ਜਾਂਦੀ ਹੈ ਤਾਂ ਜੋ ਰਾਸ਼ਟਰੀ ਪੱਧਰ ਦੀਆਂ ਮੁਕਾਬਲਿਆਂ ਲਈ ਤਿਆਰੀ ਕਰ ਸਕੇ।
ਮਲਟੀਪਰਪਜ਼ ਹਾਲ ਬਣਨ ਤੋਂ ਬਾਅਦ ਜੂਡੋ ਅਤੇ ਕੁਸ਼ਤੀ ਦੇ ਅਭਿਆਸ ਨੂੰ ਵੀ ਵੱਡਾ ਲਾਭ ਮਿਲਿਆ ਹੈ। ਸਕੂਲ ਦੀ ਵਿਦਿਆਰਥਣ ਪੂਜਾ ਨੇ ਜ਼ਿਲ੍ਹਾ ਪੱਧਰ ‘ਤੇ ਸੋਨੇ ਅਤੇ ਰਾਜ ਪੱਧਰ ‘ਤੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਇਹ ਸਾਰੇ ਵਿਦਿਆਰਥੀ ਆਮ ਪਰਿਵਾਰਾਂ ਨਾਲ ਸੰਬੰਧਿਤ ਹਨ ਅਤੇ ਆਪਣੀ ਪ੍ਰਤਿਭਾ ਦੇ ਬਲਬੂਤੇ ‘ਤੇ ਰਾਜ ਪੱਧਰ ‘ਤੇ ਆਪਣਾ ਨਾਮ ਰੌਸ਼ਨ ਕਰ ਰਹੇ ਹਨ।
ਐਚਐਮਈਐਲ ਦੀ ਪਹਿਲ ਨਾਲ ਨੌਜਵਾਨ ਰਾਸ਼ਟਰੀ ਪੱਧਰ ਤੱਕ ਪਹੁੰਚ ਰਹੇ ਹਨ: ਹਰਪ੍ਰੀਤ ਸਿੰਘ
ਡੀਪੀਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਿਫਾਇਨਰੀ ਵੱਲੋਂ ਬਣਾਇਆ ਗਿਆ ਮਲਟੀਪਰਪਜ਼ ਹਾਲ ਨਾ ਸਿਰਫ਼ ਸਕੂਲ ਦੇ ਵਿਦਿਆਰਥੀਆਂ, ਸਗੋਂ ਪਿੰਡ ਦੇ ਹੋਰ ਨੌਜਵਾਨ ਖਿਡਾਰੀਆਂ ਲਈ ਵੀ ਅਭਿਆਸ ਦਾ ਕੇਂਦਰ ਬਣ ਗਿਆ ਹੈ। ਪਿੰਡ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਰਜੀਤ ਰਾਮ ਨੇ ਵੀ ਇੱਥੇ ਅਭਿਆਸ ਕਰਕੇ ਹਾਲ ਹੀ ਵਿੱਚ ਸੀਨੀਅਰ ਨੈਸ਼ਨਲ ਓਪਨ ਕਬੱਡੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਹੈ। ਉਨ੍ਹਾਂ ਕਿਹਾ ਕਿ ਐਚਐਮਈਐਲ ਦੀ ਇਹ ਪਹਿਲ ਨਾ ਸਿਰਫ਼ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਰਸਤਾ ਤਿਆਰ ਕਰ ਰਹੀ ਹੈ, ਸਗੋਂ ਪਿੰਡਾਂ ਵਿੱਚ ਖੇਡ ਸੰਸਕ੍ਰਿਤੀ ਨੂੰ ਵੀ ਮਜ਼ਬੂਤ ਕਰ ਰਹੀ ਹੈ। ਖੇਡ ਸਮੱਗਰੀ, ਬਿਹਤਰ ਸਹੂਲਤਾਂ, ਪੋਸ਼ਣ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਰਿਫਾਇਨਰੀ ਪਿੰਡਾਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਨਵੀਂ ਉਡਾਣ ਦੇ ਰਹੀ ਹੈ।
- Download Babushahi App
-
-