ਕਰਤਾਰਪੁਰ ਕੋਰੀਡੋਰ ਦੇ ਗੇਟ ਤੋਂ ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ , 16 ਨਵੰਬਰ 2025- ਕਰਤਾਰਪੁਰ ਕੋਰੀਡੋਰ ਦੇ ਗੇਟ ਤੋਂ ਇੱਕ 28 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ ਮਿਲੀ ਹੈ। ਮਿਰ੍ਤਕ ਨੌਜਵਾਨ ਕਸਬਾ ਡੇਰਾ ਬਾਬਾ ਨਾਨਕ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਪੁਲਿਸ ਦੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹਨਾਂ ਦਾ ਪੁੱਤਰ ਲਵਪ੍ਰੀਤ ਸਿੰਘ (28) ਪੁੱਤਰ ਮਨਜੀਤ ਸਿੰਘ ਵਾਸੀ ਮੁਹੱਲਾ ਬਾਜੀ ਡੇਰਾ ਬਾਬਾ ਨਾਨਕ ਸੁੱਕਰਵਾਰ ਰਾਤ ਤੋਂ ਹੀ ਘਰੋਂ ਲਾਪਤਾ ਹੈ।
ਉਹਨਾਂ ਦੱਸਿਆ ਕਿ ਉਕਤ ਨੌਜਵਾਨ ਦੀ ਪੁਲਿਸ ਤੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਲਵਪ੍ਰੀਤ ਸਿੰਘ ਦੀ ਲਾਸ਼ ਕਰਤਾਰਪੁਰ ਕੋਰੀਡੋਰ ਨਜਦੀਕ ਬਣੇ ਪੁਰਾਣੇ ਗੇਟ ਉੱਪਰ ਪਈ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਤੇ ਜੀਜਾ ਅਖਤਿਆਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨੂੰ ਡੇਰਾ ਬਾਬਾ ਨਾਨਕ ਦਾ ਇੱਕ ਨੌਜਵਾਨ ਗੈਸ ਏਜੰਸੀ ਵਿੱਚੋਂ ਨਾਲ ਲੈ ਕੇ ਆਇਆ ਸੀ ਤੇ ਉਸ ਤੋਂ ਬਾਅਦ ਲਵਪ੍ਰੀਤ ਸਿੰਘ ਆਪਣੇ ਘਰ ਵਾਪਸ ਨਹੀਂ ਆਇਆ ਤੇ ਉਸੇ ਰਾਤ ਤੋਂ ਤੂੰ ਉਸਦਾ ਫੋਨ ਵੀ ਬੰਦ ਆ ਰਿਹਾ ਸੀ। ਉਹਨਾਂ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਲਾਸ ਅੱਜ ਕਰਤਾਰਪੁਰ ਕੋਰੀਡੋਰ ਨਜ਼ਦੀਕ ਬਣੇ ਗੇਟ ਉੱਪਰੋਂ ਸੱਕੀ ਹਾਲਤ ਵਿੱਚ ਮਿਲੀ ਹੈ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜ਼ੋ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ ਤੇ ਸਾਨੂੰ ਇਨਸਾਫ ਮਿਲ ਸਕੇ।