ਈਫਕੋ ਈ-ਬਾਜ਼ਾਰ ਸਾਦਿਕ ਦਾ ਰਸਮੀ ਉਦਘਾਟਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 14 ਜਨਵਰੀ 2026- ਦੁਨੀਆਂ ਦੀ ਸਭ ਤੋਂ ਵੱਡੀ ਖਾਦ ਸਹਿਕਾਰੀ ਸੰਸਥਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ (ਈਫਕੋ) ਵੱਲੋਂ ਅੱਜ ਸਾਦਿਕ ਵਿਖੇ ਈਫਕੋ ਈ-ਬਾਜ਼ਾਰ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਸੰਬੰਧੀ ਇਕ ਪ੍ਰੋਗਰਾਮ ਸਟੇਟ ਮਾਰਕੀਟਿੰਗ ਮੈਨੇਜਰ ਸ੍ਰੀ ਹਰਮੇਲ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਫ਼ਰੀਦਕੋਟ ਨੇ ਸ਼ਿਰਕਤ ਕੀਤੀ।
ਇਸ ਮੌਕੇ ਪਨਕੋਫੈਡ ਤੋਂ ਸ੍ਰੀ ਗੁਰਪ੍ਰਕਾਸ਼ ਸਿੰਘ ਅਤੇ ਡਾ. ਹਰਿੰਦਰਪਾਲ ਸ਼ਰਮਾ, ਏ.ਡੀ.ਓ. (ਸੀਡ) ਵੀ ਹਾਜ਼ਰ ਸਨ। ਈਫਕੋ ਦੇ ਫੀਲਡ ਅਫ਼ਸਰ ਸ੍ਰੀ ਸ਼ੁਭਮ ਬੰਸਲ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਨੈਨੋ ਖਾਦਾਂ, ਈਫਕੋ ਦੀਆਂ ਗਤੀਵਿਧੀਆਂ ਅਤੇ ਸੰਕਟ ਹਰਣ ਬੀਮਾ ਯੋਜਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਟੇਟ ਮਾਰਕੀਟਿੰਗ ਮੈਨੇਜਰ ਸ੍ਰੀ ਹਰਮੇਲ ਸਿੰਘ ਸਿੱਧੂ ਨੇ ਈਫਕੋ ਦੀਆਂ ਸਹਾਇਕ ਕੰਪਨੀਆਂ, ਨੈਨੋ ਖਾਦਾਂ ਦੀ ਲੋੜ, ਬਾਇਓ ਖਾਦਾਂ, ਜੈਵਿਕ ਖੇਤੀ ਅਤੇ ਮੌਜੂਦਾ ਸਮੇਂ ਵਿੱਚ ਖਾਦਾਂ ਦੇ ਬਾਜ਼ਾਰ ਦੀ ਸਥਿਤੀ ਸਬੰਧੀ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ।
ਮੁੱਖ ਮਹਿਮਾਨ ਡਾ. ਕੁਲਵੰਤ ਸਿੰਘ ਨੇ ਈਫਕੋ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਾਦਾਂ ਦਾ ਸੰਯਮਿਤ ਉਪਯੋਗ, ਮਿੱਟੀ ਦੀ ਸਿਹਤ ਦੀ ਬਹਾਲੀ ਅਤੇ ਮਿੱਟੀ ਦੀ ਜਾਂਚ ਅੱਜ ਦੀ ਖੇਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੈਨੋ ਖਾਦਾਂ ਦੀ ਮਹੱਤਤਾ ’ਤੇ ਵੀ ਖਾਸ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿੱਚ ਲਗਭਗ 70 ਕਿਸਾਨਾਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਉੱਤੇ ਸਮਾਜਿਕ ਸਰੋਕਾਰ ਤਹਿਤ ਲੋੜਵੰਦ ਲੋਕਾਂ ਵਿੱਚ ਕਰੀਬ 40 ਕੰਬਲ ਵੀ ਵੰਡੇ ਗਏ। ਇਸ ਮੌਕੇ ਸ. ਰਾਜਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਸ. ਜਸਬੀਰ ਸਿੰਘ ਸੈਕਟਰੀ ਮਚਾਕੀ ਖੁਰਦ, ਸ. ਸੰਦੀਪ ਸਿੰਘ ਸੈਕਟਰੀ ਸਾਦਿਕ, ਸ. ਹਰਪਾਲ ਸਿੰਘ ਸੈਕਟਰੀ ਡੋਡ ਅਤੇ ਸ. ਅੰਗਰੇਜ਼ ਸਿੰਘ ਸੈਕਟਰੀ ਢਿੱਲਵਾਂ ਖੁਰਦ ਸਮੇਤ ਹੋਰ ਹਾਜ਼ਰ ਸਨ।