ਅਸੀਂ ਗੈਂਗਸਟਰਾਂ ਨੂੰ ਟਿਕਟਾਂ ਨਹੀਂ ਦਿੰਦੇ, ਨਾ ਹੀ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦੇ ਹਾਂ- ਭਗਵੰਤ ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
ਸੁਖਬੀਰ ਬਾਦਲ ਅਤੇ ਸੁਖਜਿੰਦਰ ਰੰਧਾਵਾ 'ਤੇ ਸਾਧਿਆ ਨਿਸ਼ਾਨਾ; ਗੈਂਗਸਟਰਵਾਦ ਲਈ ਰਵਾਇਤੀ ਪਾਰਟੀਆਂ ਨੂੰ ਦੱਸਿਆ ਜ਼ਿੰਮੇਵਾਰ
ਚੰਡੀਗੜ੍ਹ 16 ਮਾਰਚ 2026: ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਂਗਸਟਰਵਾਦ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਪਰਾਧੀਆਂ ਨੂੰ ਪਨਾਹ ਦੇਣ ਦੀ ਬਜਾਏ ਉਨ੍ਹਾਂ ਨੂੰ ਜੇਲ੍ਹਾਂ ਪਿੱਛੇ ਸੁੱਟਣ ਵਿੱਚ ਵਿਸ਼ਵਾਸ ਰੱਖਦੀ ਹੈ।
ਸੁਖਬੀਰ ਬਾਦਲ 'ਤੇ ਤਨਜ਼; "ਭੱਜ ਜਾਓ, ਨਹੀਂ ਤਾਂ ਮੈਂ ਟਿਕਟ ਦੇ ਦਿਆਂਗਾ"
ਸੁਖਬੀਰ ਬਾਦਲ ਦੇ ਉਸ ਬਿਆਨ 'ਤੇ ਚੁਟਕੀ ਲੈਂਦਿਆਂ, ਜਿਸ ਵਿੱਚ ਉਨ੍ਹਾਂ ਨੇ ਗੈਂਗਸਟਰਾਂ ਨੂੰ ਪੰਜਾਬ ਛੱਡਣ ਲਈ ਕਿਹਾ ਸੀ, ਮੁੱਖ ਮੰਤਰੀ ਨੇ ਕਿਹਾ ਕਿ, "ਸੁਖਬੀਰ ਬਾਦਲ ਦੇ ਕਹਿਣ ਦਾ ਮਤਲਬ ਇਹ ਹੈ ਕਿ ਗੈਂਗਸਟਰੋ ਭੱਜ ਜਾਓ, ਨਹੀਂ ਤਾਂ ਮੈਂ ਤੁਹਾਨੂੰ ਚੋਣ ਲੜਨ ਲਈ ਟਿਕਟਾਂ ਦੇ ਦੇਵਾਂਗਾ ਅਤੇ ਤੁਹਾਡੀ ਜ਼ਮਾਨਤ ਜ਼ਬਤ ਕਰਵਾ ਦਿਆਂਗਾ।"
CM Mann ਨੇ ਕਿਹਾ ਕਿ ਅਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਨਾ ਤਾਂ ਟਿਕਟਾਂ ਦਿੰਦੇ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾਉਂਦੇ ਹਾਂ। ਇਹ ਰਵਾਇਤ ਪਿਛਲੀਆਂ ਸਰਕਾਰਾਂ ਦੀ ਰਹੀ ਹੈ।ਭਗਵੰਤ ਮਾਨ ਨੇ ਕਾਂਗਰਸੀ MP ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਗੈਂਗਸਟਰਾਂ ਦਾ 'ਸਰਗਣਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਸਦਨ ਵਿੱਚ ਗਾਲੀ-ਗਲੋਚ ਕਰਦਾ ਰਿਹਾ ਹੋਵੇ, ਉਹ ਅੱਜ ਸਾਨੂੰ ਸੰਸਦੀ ਮਰਯਾਦਾ ਅਤੇ ਕਾਨੂੰਨ ਸਿਖਾ ਰਿਹਾ ਹੈ।
ਸੀਐਮ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਇਨ੍ਹਾਂ ਲੋਕਾਂ ਦੀਆਂ ਗਲਤ ਨੀਤੀਆਂ ਅਤੇ ਅਪਰਾਧੀਆਂ ਨੂੰ ਦਿੱਤੀ ਗਈ ਸਿਆਸੀ ਸਰਪ੍ਰਸਤੀ ਕਾਰਨ ਹੀ ਵਧਿਆ ਹੈ। ਭਗਵੰਤ ਮਾਨ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਅਪਰਾਧੀਆਂ ਖ਼ਿਲਾਫ਼ ਸਖ਼ਤ ਹੈ। ਉਨ੍ਹਾਂ ਕਿਹਾ ਕਿ ਅਸੀਂ ਗੈਂਗਸਟਰਾਂ ਨੂੰ ਵੋਟਾਂ ਲਈ ਵਰਤਣ ਦੀ ਬਜਾਏ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆ ਰਹੇ ਹਾਂ। ਜਿਹੜੇ ਅਪਰਾਧੀ ਪਿਛਲੀਆਂ ਸਰਕਾਰਾਂ ਵੇਲੇ ਜੇਲ੍ਹਾਂ ਵਿੱਚ ਬੈਠ ਕੇ ਮੌਜਾਂ ਮਾਣਦੇ ਸਨ, ਹੁਣ ਉਨ੍ਹਾਂ 'ਤੇ ਨੱਥ ਪਾਈ ਜਾ ਰਹੀ ਹੈ।
Click to Follow Babushahi Facebook page →