'ਹੁਣ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ'; ਨਵਜੋਤ ਕੌਰ ਸਿੱਧੂ ਨੇ ਸਿਆਸਤ ਨੂੰ ਅਲਵਿਦਾ ਕਹਿਣ ਦੇ ਦਿੱਤੇ ਸੰਕੇਤ
ਕੈਂਸਰ 'ਤੇ ਜਿੱਤ ਤੋਂ ਬਾਅਦ ਬਦਲਿਆ ਜੀਵਨ ਦਾ ਨਜ਼ਰੀਆ; ਕਿਹਾ- ‘ਕਲਯੁਗ ਵਿੱਚ ਸਤਯੁਗ ਦੇ ਦਰਸ਼ਨ ਕਰ ਲਏ ਹਨ’
Ravi Jakhu
ਖਮਾਣੋ/ਫਤਿਹਗੜ੍ਹ ਸਾਹਿਬ 2 ਮਾਰਚ 2026: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਭਾਵੁਕ ਬਿਆਨ ਦਿੱਤਾ ਹੈ। ਫਤਿਹਗੜ੍ਹ ਸਾਹਿਬ ਦੇ ਖਮਾਣੋ ਸਥਿਤ ਸੰਤ ਰਾਮਪਾਲ ਜੀ ਦੇ ਆਸ਼ਰਮ ਵਿੱਚ ਇੱਕ ਸਮਾਗਮ ਦੌਰਾਨ ਪਹੁੰਚੀ ਡਾ. ਸਿੱਧੂ ਨੇ ਕਿਹਾ ਕਿ ਉਹ ਹੁਣ ਰਾਜਨੀਤੀ ਛੱਡ ਕੇ ਪੂਰੀ ਤਰ੍ਹਾਂ ਸੰਤਾਂ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਜੁੜਨ ਬਾਰੇ ਸੋਚ ਰਹੇ ਹਨ।
ਡਾ. ਸਿੱਧੂ ਨੇ ਕਿਹਾ ਕਿ ਅੱਜ-ਕੱਲ੍ਹ ਦੀ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ। ਉਨ੍ਹਾਂ ਮੁਤਾਬਕ ਰਾਜਨੀਤਿਕ ਲੋਕ ਆਪਣੀ ਅਸਲੀ ਪਛਾਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਚੁੱਕੇ ਹਨ। ਕੈਂਸਰ ਵਰਗੀ ਨਾਮੁਰਾਦ ਬਿਮਾਰੀ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਅਸਲੀ ਸੁਖ ਭਗਤੀ ਵਿੱਚ ਹੈ। ਉਨ੍ਹਾਂ ਕਿਹਾ, "ਮੈਂ ਇਸ ਕਲਯੁਗ ਵਿੱਚ ਹੀ ਸਤਯੁਗ ਨੂੰ ਦੇਖ ਲਿਆ ਹੈ, ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦੀ।" ਆਸ਼ਰਮ ਵਿੱਚ 7 ਲੜਕੀਆਂ ਦੇ ਬਿਨਾਂ ਦਾਜ-ਦਹੇਜ ਤੋਂ ਹੋਏ ਸਾਦੇ ਵਿਆਹਾਂ ਦੀ ਮੁਬਾਰਕਬਾਦ ਦਿੰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਵਿਆਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਵੀ ਬਿਨਾਂ ਕਿਸੇ ਦਾਜ-ਦਹੇਜ ਦੇ ਬਹੁਤ ਸਾਦੇ ਢੰਗ ਨਾਲ ਹੋਏ ਹਨ। ਉਹ ਖੁਦ ਹੁਣ ਤੱਕ ਲਗਭਗ 100 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾ ਚੁੱਕੇ ਹਨ ਅਤੇ ਇਸ ਨੂੰ ਸਭ ਤੋਂ ਵੱਡੀ ਸੇਵਾ ਮੰਨਦੇ ਹਨ।
ਸਰੀਰ ਦਾਨ ਦਾ ਵੱਡਾ ਫੈਸਲਾ
ਇਸ ਮੌਕੇ ਉਨ੍ਹਾਂ ਇੱਕ ਹੋਰ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੂਰਾ ਸਰੀਰ (ਅੰਗ) ਦਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਅੰਗ ਕਿਸੇ ਲੋੜਵੰਦ ਦੇ ਕੰਮ ਆ ਸਕਣ ਅਤੇ ਕਿਸੇ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਡਾ. ਸਿੱਧੂ ਨੇ ਦੱਸਿਆ ਕਿ ਉਹ ਮਹਿਜ਼ 3-4 ਸਾਲ ਦੀ ਉਮਰ ਤੋਂ ਹੀ ਸਾਧੂ-ਸੰਤਾਂ ਦੀ ਸੰਗਤ ਕਰਦੇ ਆ ਰਹੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਜੀਵਨ ਵਿੱਚ ਜੋ ਵੀ ਸੇਵਾ ਕੀਤੀ ਹੈ, ਚਾਹੇ ਉਹ ਡਾਕਟਰੀ ਪੇਸ਼ੇ ਰਾਹੀਂ ਹੋਵੇ ਜਾਂ ਰਾਜਨੀਤੀ ਰਾਹੀਂ, ਉਹ ਹਮੇਸ਼ਾ ਸੰਤਾਂ ਤੋਂ ਪ੍ਰੇਰਨਾ ਲੈ ਕੇ ਹੀ ਕੀਤੀ ਹੈ।
Click to Follow Babushahi Facebook page →