CGC ਯੂਨੀਵਰਸਿਟੀ ਮੋਹਾਲੀ ਦੀ ਦੂਜੀ ਅਕੈਡਮਿਕ ਕੌਂਸਲ ਮੀਟਿੰਗ ਸੰਪੰਨ, ਭਵਿੱਖੀ ਸਿੱਖਿਆ ਲਈ ਤਿਆਰ ਕੀਤਾ ਅਕਾਦਮਿਕ ਰੋਡਮੈਪ
ਮੋਹਾਲੀ, 27 ਮਈ
ਅਕਾਦਮਿਕ ਉੱਤਮਤਾ, ਨਵੀਨਤਾ-ਮੁਖੀ ਸਿੱਖਿਆ ਅਤੇ ਸੰਸਥਾਗਤ ਵਿਕਾਸ ਦੀ ਵਚਨਬੱਧਤਾ ਹੋਰ ਮਜ਼ਬੂਤ ਕਰਦਿਆਂ, ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਆਪਣੀ ਦੂਜੀ ਅਕੈਡਮਿਕ ਕੌਂਸਲ ਮੀਟਿੰਗ ਸਫ਼ਲਤਾਪੂਰਵਕ ਕਰਵਾਈ ਗਈ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਭਵਿੱਖੀ ਅਕਾਦਮਿਕ ਦਿਸ਼ਾ-ਨਿਰਦੇਸ਼ਾਂ ਅਤੇ ਨੀਤੀਆਂ 'ਤੇ ਵਿਸਥਾਰਪੂਰਵਕ ਚਰਚਾ ਕਰਨ ਲਈ ਦੇਸ਼ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ, ਉਦਯੋਗਿਕ ਮਾਹਰ ਅਤੇ ਸੀਨੀਅਰ ਪ੍ਰਬੰਧਕ ਸ਼ਾਮਲ ਹੋਏ।
ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਵਿਨੈ ਗੋਇਲ ਨੇ ਆਏ ਹੋਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਉਸ ਵਿਜ਼ਨ ਦੁਹਰਾਇਆ ਜਿਸ ਤਹਿਤ ਸੰਸਥਾ ਖੋਜ, ਨਵੀਨਤਾ, ਉੱਦਮਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਵਿਦਿਆਰਥੀ-ਕੇਂਦ੍ਰਿਤ ਸਿੱਖਿਆ ਦੇ ਸੁਮੇਲ ਨਾਲ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣੀ ਹੈ। ਉਨ੍ਹਾਂ ਨੇ ਬਦਲਦੇ ਤਕਨੀਕੀ ਦੌਰ ਮੁਤਾਬਕ ਉਦਯੋਗਿਕ ਜਗਤ ਨਾਲ ਤਾਲਮੇਲ ਅਤੇ ਆਧੁਨਿਕ ਅਧਿਆਪਨ ਪ੍ਰਣਾਲੀ ਅਪਣਾਉਣ 'ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ, ਪ੍ਰੀਖਿਆ ਅਤੇ ਪੀਐਚ.ਡੀ ਨਿਯਮਾਂ 'ਤੇ ਵਿਸ਼ੇਸ਼ ਚਰਚਾ ਕੀਤੀ ਗਈ। ਕੌਂਸਲ ਨੇ ਯੂਨੀਵਰਸਿਟੀ ਦੀਆਂ ਨੀਤੀਆਂ 'ਨੇਪ-2020' ਦੇ ਉਦੇਸ਼ਾਂ ਨਾਲ ਜੋੜਨ, ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਲਚਕਤਾ ਅਤੇ ਨਤੀਜਾ-ਮੁਖੀ ਸਿੱਖਿਆ ਮਜ਼ਬੂਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਦਯੋਗਿਕ ਜਗਤ ਦੀਆਂ ਮੌਜੂਦਾ ਮੰਗਾਂ ਦੇਖਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ ), ਮਸ਼ੀਨ ਲਰਨਿੰਗ, ਡਾਟਾ ਸਾਇੰਸ, ਸਾਈਬਰ ਸਿਕਿਉਰਿਟੀ, ਕੁਆਂਟਮ ਕੰਪਿਊਟਿੰਗ, ਕਲਾਊਡ ਕੰਪਿਊਟਿੰਗ, ਰੋਬੋਟਿਕਸ, ਫਿਨਟੈਕ, ਬਿਜ਼ਨਸ ਐਨਾਲਿਟਿਕਸ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਭਵਿੱਖ ਦੇ ਪ੍ਰੋਗਰਾਮਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਕੌਂਸਲ ਨੇ ਆਈ ਬੀ ਐਮ, ਈ ਆਈ, ਕੇ ਪੀ ਐੱਚ ਜੀ ਵਰਗੀਆਂ ਵਿਸ਼ਵ-ਪ੍ਰਸਿੱਧ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ 'ਨਿਊਟਨ ਸਕੂਲ ਆਫ਼ ਏਆਈ ਐਂਡ ਕੰਪਿਊਟਿੰਗ' ਅਤੇ 'ਮੈਟਾ ਸਕੂਲ ਆਫ਼ ਬਿਜ਼ਨਸ' ਦੇ ਰਣਨੀਤਕ ਰੋਡਮੈਪ ਦੀ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਯੂਨੀਵਰਸਿਟੀ ਦੀਆਂ ਵੱਡੀਆਂ ਪ੍ਰਾਪਤੀਆਂ, ਜਿਵੇਂ ਕਿ ਯੂ ਜੀ ਸੀ ਐਕਟ ਦੇ ਤਹਿਤ ਸ਼ਾਮਲ ਹੋਣਾ, ਏ ਆਈ ਐੱਸ ਐੱਚ ਈ ਸੂਚੀ, ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਤੇ ਬਾਰ ਕੌਂਸਲ ਆਫ਼ ਇੰਡੀਆ ਤੋਂ ਮਿਲੀਆਂ ਮਨਜ਼ੂਰੀਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ। ਮੀਟਿੰਗ ਦੇ ਸਫ਼ਲ ਸਮਾਪਨ 'ਤੇ ਪ੍ਰੋ. (ਡਾ.) ਅਨੁਪਮ ਸ਼ਰਮਾ, ਪ੍ਰੋ-ਵਾਈਸ ਚਾਂਸਲਰ (ਪ੍ਰੀਖਿਆ) ਅਤੇ ਰਜਿਸਟਰਾਰ, ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ।
ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਦੂਜੀ ਅਕੈਡਮਿਕ ਕੌਂਸਲ ਮੀਟਿੰਗ ਦੇ ਸਫ਼ਲ ਆਯੋਜਨ ਲਈ ਸਾਰੇ ਮੈਂਬਰਾਂ, ਮਾਹਰਾਂ ਅਤੇ ਅਧਿਕਾਰੀਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਂਝੇ ਯਤਨ ਯੂਨੀਵਰਸਿਟੀ ਦੇ ਉਸ ਵਿਜ਼ਨ ਸਾਕਾਰ ਕਰਨਗੇ ਜਿਸ ਤਹਿਤ ਅਸੀਂ ਵਿਸ਼ਵ ਪੱਧਰ 'ਤੇ ਸਮਰੱਥ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਭਵਿੱਖ ਦੇ ਆਗੂ (ਲੀਡਰ) ਪੈਦਾ ਕਰਨੇ ਹਨ।