ਪੰਜਾਬੀ ਯੂਨੀਵਰਸਿਟੀ ਨੇ ਯੂ.ਜੀ. ਅਤੇ ਪੀ.ਜੀ ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ 'ਚ 22 ਮਈ ਤੱਕ ਕੀਤਾ ਵਾਧਾ
ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਦੇ ਮੱਦੇਨਜ਼ਰ ਲਿਆ ਫ਼ੈਸਲਾ
ਪਟਿਆਲਾ, 20 ਮਈ 2026-ਪੰਜਾਬੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ-ਗਰੈਜੂਏਟ (ਯੂ.ਜੀ.) ਅਤੇ ਪੋਸਟ-ਗਰੈਜੂਏਟ (ਪੀ.ਜੀ) ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ (ਬਿਨਾਂ ਪ੍ਰਵੇਸ਼ ਪ੍ਰੀਖਿਆ) ਲਈ ਆਨਲਾਈਨ ਅਰਜ਼ੀਆਂ ਦੇਣ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ ਹੁਣ 22 ਮਈ 2026 (ਸ਼ਾਮ 5:00 ਵਜੇ) ਤੱਕ ਹੈ। ਉਨ੍ਹਾਂ ਦੱਸਿਆ ਕਿ ਵਾਧੇ ਸਬੰਧੀ ਇਹ ਫ਼ੈਸਲਾ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅੰਤਿਮ ਮਿਤੀ 18 ਮਈ 2026 (ਸ਼ਾਮ 5:00 ਵਜੇ ਤੱਕ) ਨਿਰਧਾਰਤ ਕੀਤੀ ਗਈ ਸੀ ਅਤੇ ਸਾਰੇ ਅੰਡਰ-ਗਰੈਜੂਏਟ (ਯੂ.ਜੀ.) ਕੋਰਸਾਂ ਲਈ ਕੌਂਸਲਿੰਗ ਦੀ ਮਿਤੀ 25 ਅਤੇ 26 ਮਈ 2026 ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਸਾਰੇ ਅੰਡਰ-ਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਮਿਤੀ 1 ਅਤੇ 2 ਜੂਨ, 2026 ਨੂੰ ਸਬੰਧਤ ਵਿਭਾਗਾਂ ਵਿਖੇ ਕਰਵਾਈ ਜਾਵੇਗੀ। ਇਸ ਕੌਂਸਲਿੰਗ ਵਿੱਚ ਪ੍ਰਵੇਸ਼ ਪ੍ਰੀਖਿਆ ਵਾਲ਼ੇ ਅਤੇ ਬਿਨਾਂ ਪ੍ਰਵੇਸ਼ ਪ੍ਰੀਖਿਆ ਵਾਲ਼ੇ ਸਾਰੇ ਕੋਰਸ ਸ਼ਾਮਿਲ ਹੋਣਗੇ।
ਡਾ. ਖੋਖਰ ਵੱਲੋਂ ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਯੂਨੀਵਰਸਿਟੀ ਦੇ ਅਧਿਕਾਰਿਤ ਦਾਖ਼ਲਾ ਪੋਰਟਲ ਡਬਲਿਊ ਡਬਲਿਊ ਡਬਲਿਊ ਡਾਟ ਪੀਯੂਪੀ ਅਡਮਿਸ਼ਨਜ਼ ਡਾਟ ਏਸੀ ਡਾਟ ਇਨ 'ਤੇ ਜਾਣ ਦੀ ਸਲਾਹ ਦਿੱਤੀ ਗਈ।