ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ ਐਲਾਨੀ
ਅੰਮ੍ਰਿਤਸਰ, 25 ਮਈ 2026- ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਵੱਲੋਂ 27 ਮਈ ਦੀ ਗ਼ਜ਼ਟਿਡ ਛੁੱਟੀ ਦੀ ਥਾਂ 28 ਮਈ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤੇ ਜਾਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਨੋਟੀਫਿਕੇਸ਼ਨ ਮੁਤਾਬਕ ਯੂਨੀਵਰਸਿਟੀ ਨਾਲ ਸੰਬੰਧਤ ਪ੍ਰਾਈਵੇਟ ਕਾਲਜਾਂ, ਪ੍ਰੋਫੈਸ਼ਨਲ ਕਾਲਜਾਂ, ਯੂਨੀਵਰਸਿਟੀ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਐਸੋਸੀਏਟਡ ਸੰਸਥਾਨਾਂ ਦੀਆਂ 28 ਮਈ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਹੁਣ 12 ਜੂਨ 2026 (ਸ਼ੁੱਕਰਵਾਰ) ਨੂੰ ਉਸੇ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮੇਨ ਕੈਂਪਸ ਅਤੇ ਰੀਜਨਲ ਕੈਂਪਸਾਂ ਵਿੱਚ 28 ਮਈ ਨੂੰ ਹੋਣ ਵਾਲੀਆਂ ਥਿਊਰੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਖਾਂ ਸਬੰਧਤ ਵਿਭਾਗਾਂ ਦੀ ਸਹਿਮਤੀ ਨਾਲ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਕਾਰਿਕ ਵੈਬਸਾਈਟ ‘ਤੇ ਜਾਰੀ ਹੋਣ ਵਾਲੀਆਂ ਅਗਲੀ ਸੂਚਨਾਵਾਂ ‘ਤੇ ਨਜ਼ਰ ਬਣਾਈ ਰੱਖਣ।