ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਦਾ ਸ਼ਡਿਊਲ ਜਲਦ ਜਾਰੀ ਹੋਣ ਦੀ ਸੰਭਾਵਨਾ
ਰਵੀ ਜਖੂ
PU ਮਸਲੇ ਤੇ ਨਵੀਂ ਹਿਲਜੁਲ : ਵੀ ਸੀ ਰੇਣੁ ਵਿਗ ਵੱਲੋਂ ਦਿੱਲੀ ਜਾ ਕੇ ਚਾਂਸਲਰ ਨਾਲ ਮੀਟਿੰਗ ਦੀ ਤਜਵੀਜ਼ ਸਾਹਮਣੇ ਆਈ - ਰਜਿਸਟਰਾਰ ਦਾ ਵੀਡੀਉ ਸੰਦੇਸ਼ ਸੁਣੋ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਨਵੰਬਰ , 2025: ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦੇ ਵਿਦਿਆਰਥੀਆਂ ਦੇ ਐਲਾਨ ਤੋਂ ਬਾਅਦ ਹੁਣ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੈਨਟ ਚੋਣਾਂ ਦਾ ਸ਼ਡਿਊਲ ਜਲਦ ਜਾਰੀ ਕਰਨ ਲਈ ਵੀ ਸੀ ਦਫ਼ਤਰ ਵੱਲੋਂ ਯਤਨ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ, ਪੰਜਾਬ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਪ੍ਰੋ. ਰੇਨੂ ਵਿਗ ਕੱਲ੍ਹ ਦਿੱਲੀ ਵਿੱਚ ਚਾਂਸਲਰ ਨਾਲ ਮੀਟਿੰਗ ਲਈ ਜਾ ਰਹੇ ਹਨ । ਇਸ ਮੀਟਿੰਗ ਵਿੱਚ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਸੰਘਰਸ਼ ਅਤੇ ਮੌਜੂਦਾ ਹਾਲਾਤਾਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਯਾਦਵਿੰਦਰ ਪਾਲ ਵਰਮਾ ਨੇ ਵੀ ਪੁਸ਼ਟੀ ਕੀਤੀ ਕਿ ਸੈਨਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਬਾਰੇ ਜਲਦ ਹੱਲ ਨਿਕਲ ਸਕਦਾ ਹੈ।
ਅਜਿਹੇ ਹਾਲਾਤਾਂ ਵਿੱਚ, ਜਿਥੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਵਿਦਿਆਰਥੀ ਆੰਦੋਲਨ ਕਾਰੀਆਂ ਨੇ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਗੱਲ ਵੀ ਹੋ ਰਹੀ ਹੈ। ਕੁਝ ਸਮੂਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਚਰਨ ਵਿੱਚ ਭਾਜਪਾ ਦਫਤਰਾਂ ਦਾ ਘੇਰਾਓ ਕੀਤਾ ਜਾ ਸਕਦਾ ਹੈ।