ਸਰੀ ਵਿੱਚ ‘ਗੁਰੂ ਕਾ ਬੇਟਾ ਦਿਵਸ’ ਸ਼ਰਧਾ ਅਤੇ ਚੇਤਨਾ ਨਾਲ ਮਨਾਇਆ ਗਿਆ
ਹਰਦਮ ਮਾਨ
ਸਰੀ, 15 ਦਸੰਬਰ 2025- ਸਿੱਖ ਇਤਿਹਾਸ ਦੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ‘ਗੁਰੂ ਕਾ ਬੇਟਾ ਦਿਵਸ’ ਬੀਤੀ ਸ਼ਾਮ ਸੈਂਟਰਲ ਲਾਇਬ੍ਰੇਰੀ, ਸਰੀ ਵਿਖੇ ਗਹਿਰੀ ਸ਼ਰਧਾ ਅਤੇ ਗੰਭੀਰ ਵਿਚਾਰ-ਵਟਾਂਦਰੇ ਦੇ ਮਾਹੌਲ ਵਿੱਚ ਮਨਾਇਆ ਗਿਆ। ਇਹ ਸਮਾਗਮ ਸੀ-ਫੇਸ ਸੁਸਾਇਟੀ ਅਤੇ ਚੇਤਨਾ ਐਸੋਸੀਏਸ਼ਨ ਕੈਨੇਡਾ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਕੁਰਬਾਨੀਆਂ ਅਤੇ ਸ਼ਹੀਦੀ ਵਿਰਾਸਤ ਨਾਲ ਜੋੜਣਾ ਸੀ।
ਸਮਾਗਮ ਦੌਰਾਨ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ, ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਇਤਿਹਾਸਕ ਮਹੱਤਤਾ ‘ਤੇ ਵਿਚਾਰ ਸਾਂਝੇ ਕਰਨ ਲਈ ਇਕ ਵਿਸ਼ੇਸ਼ ਪੈਨਲ ਚਰਚਾ ਕਰਵਾਈ ਗਈ। ਇਸ ਪੈਨਲ ਦੀ ਅਗਵਾਈ ਡਾ. ਸੀਮਾ ਮਾਹੀ ਨੇ ਕੀਤੀ, ਜਦਕਿ ਪ੍ਰਿੰਸੀਪਲ ਮਲੂਕ ਚੰਦ ਕਲੇਰ, ਸਮਾਜਿਕ ਕਾਰਕੁਨ ਤ੍ਰਿਪਤਜੀਤ ਕੌਰ ਅਟਵਾਲ ਅਤੇ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਨਾਲ ਸੰਬੰਧਿਤ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਅਜੋਕੀ ਪੀੜ੍ਹੀ ਲਈ ਪ੍ਰੇਰਣਾਸਰੋਤ ਦੱਸਿਆ। ਸੀ-ਫੇਸ ਸੁਸਾਇਟੀ ਦੇ ਬੋਰਡ ਮੈਂਬਰ ਭੁਪਿੰਦਰ ਸਿੰਘ ਲੱਧੜ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਹੌਸਲੇ, ਦ੍ਰਿੜ ਨਿਸ਼ਚੇ ਅਤੇ ਅਟੁੱਟ ਧਾਰਮਿਕ ਆਸਥਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਇਤਿਹਾਸਕ ਸਮਝ ਅਤੇ ਚੇਤਨਾ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਬਲਵੀਰ ਸਿੰਘ ਬੈਂਸ ਨੂੰ ਸਮਾਜਿਕ ਸੇਵਾਵਾਂ ਅਤੇ ਖੇਡਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੀ-ਫੇਸ ਸੁਸਾਇਟੀ ਦੇ ਪ੍ਰਧਾਨ ਸ੍ਰੀਕਾਂਤ ਮੋਗੂਲਾਲਾ ਨੇ ਆਪਣੇ ਵਲੰਟੀਅਰਾਂ ਨਾਲ ਮਿਲ ਕੇ ਖਾਣ-ਪੀਣ ਦੇ ਪ੍ਰਬੰਧ ਰਾਹੀਂ ਸਮਾਗਮ ਦੀ ਕਾਮਯਾਬੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਮਾਗਮ ਦੇ ਅਖੀਰ ‘ਚ ਉੱਘੇ ਸਮਾਜਿਕ ਅਤੇ ਰਾਜਨੀਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਢੋਟ ਨੇ ਅਜਿਹੇ ਇਤਿਹਾਸਕ ਅਤੇ ਵਿਚਾਰਾਤਮਕ ਸਮਾਗਮਾਂ ਦੀ ਲੋੜ ‘ਤੇ ਚਾਨਣਾ ਪਾਉਂਦਿਆਂ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਹਾਜ਼ਰੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਮਨਜੀਤ ਸਿੰਘ ਚੀਮਾ (ਚੀਮਾ ਇਲੈਕਟ੍ਰੀਕਲ), ਲਖਵੀਰ ਸਿੰਘ ਗਰੇਵਾਲ (ਜ਼ੋਰਾਵਰ ਕਨਸਟਰਕਸ਼ਨ), ਇੰਦਰਜੀਤ ਸਿੰਘ ਲੱਧੜ, ਮਨਜੀਤ ਬੈਂਸ, ਸੁਰਜੀਤ ਬੈਂਸ, ਜਗਦੀਸ਼ ਵਿਰਦੀ, ਜੈ ਰਾਮ ਬੈਂਸ, ਸੁਰਿੰਦਰ ਸੰਧੂ, ਦੇਸ਼ ਪ੍ਰਦੇਸ਼ ਟਾਈਮਜ਼ ਦੇ ਸੁਖਵਿੰਦਰ ਸਿੰਘ ਚੋਹਲਾ, ਨਰੰਜਨ ਸਿੰਘ ਲੇਹਲ, ਕੰਵਲਜੀਤ ਸਿੰਘ ਮਾਨਾਂਵਾਲਾ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।
ਅੰਤ ਵਿੱਚ ਚੇਤਨਾ ਐਸੋਸੀਏਸ਼ਨ ਦੇ ਪ੍ਰਧਾਨ ਜੈ ਬਿਰਦੀ ਨੇ ਸਾਂਝੇ ਉੱਦਮ ਨਾਲ ਸਫਲਤਾਪੂਰਵਕ ਨੇਪਰੇ ਚੜ੍ਹੇ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਇਤਿਹਾਸਕ ਅਤੇ ਜਾਗਰੂਕਤਾ ਭਰੇ ਉਪਰਾਲੇ ਜਾਰੀ ਰੱਖਣ ਦਾ ਵਚਨ ਦਿੱਤਾ।