Bathinda : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪਈਆਂ ਵੋਟਾਂ ਦੀ 8 ਥਾਵਾਂ ਤੇ ਹੋਵੇਗੀ ਗਿਣਤੀ
ਅਸ਼ੋਕ ਵਰਮਾ
ਬਠਿੰਡਾ, 16 ਦਸੰਬਰ 2025 : ਬੀਤੀ 14 ਦਸੰਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਉਪਰੰਤ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਪ੍ਰਕਿਰਿਆਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਿਣਤੀ ਦੀ ਪ੍ਰਕਿਰਿਆਂ ਬਲਾਕ ਪੱਧਰ ‘ਤੇ ਬਣਾਏ ਗਏ ਵੱਖ-ਵੱਖ 8 ਕਾਊਂਟਿੰਗ ਸੈਂਟਰਾਂ ‘ਚ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਬਠਿੰਡਾ ਦੀ ਗਿਣਤੀ ਸਥਾਨਕ ਰੀਡਿੰਗ ਹਾਲ, ਲਾਇਬ੍ਰੇਰੀ ਗਰਾਊਂਡ ਫਲੌਰ (ਖੱਬਾ ਪਾਸਾ) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਵੇਗੀ।
ਇਸੇ ਤਰ੍ਹਾਂ ਬਲਾਕ ਮੌੜ ਦੀ ਸੈਂਟਰ ਸੈਮੀਨਾਰ ਹਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਬਲਾਕ ਰਾਮਪੁਰਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ, ਬਲਾਕ ਤਲਵੰਡੀ ਸਾਬੋਂ ਦੀ ਮਲਟੀਪਰਪਜ਼ ਹਾਲ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਲਵੰਡੀ ਸਾਬੋ, ਬਲਾਕ ਸੰਗਤ ਦੀ ਸਪੋਰਟਸ ਸਕੂਲ ਘੁੱਦਾ, ਬਲਾਕ ਗੋਨਿਆਣਾ ਦੀ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਬਲਾਕ ਨਥਾਣਾ ਦੀ ਸਕੂਲ ਆਫ ਐਮੀਨੈਂਸ ਭੁੱਚੋਂ ਕਲਾਂ ਅਤੇ ਬਲਾਕ ਫੂਲ ਅੰਦਰ ਪਈਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ, ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਜੇਸ਼ ਧੀਮਾਨ ਨੇ ਇਹ ਵੀ ਦੱਸਿਆ ਕਿ ਗਿਣਤੀ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜਿਥੇ ਲਗਭਗ 1120 ਕਾਊਟਿੰਗ ਸਟਾਫ ਤੋਂ ਇਲਾਵਾ ਮਾਈਕਰੋ ਓਬਜ਼ਰਵਰਾਂ ਨੂੰ ਤਾਇਨਾਤ ਕੀਤਾ ਗਿਆ ਹੈ, ਉਥੇ ਹੀ ਗਿਣਤੀ ਪ੍ਰਕਿਰਿਆ ਨੂੰ ਅਮਨ-ਆਮਾਨ ਕਰਵਾਉਣ ਲਈ ਸੁਰੱਖਿਆਂ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।