ਲਾਹੌਰ ਦੇ ਕਾਲਜ 'ਚ ਉਕਰਿਆ ਪੰਜਾਬ ਦੇ ਸਾਬਕਾ CM ਹਰਚਰਨ ਬਰਾੜ ਦਾ ਨਾਮ- 100 ਸਾਲਾ ਸੱਯਦ ਬਾਬਰ ਅਲੀ ਨੇ ਸਰਹੱਦ ਉਲੰਘ ਕੇ ਕਾਇਮ ਕੀਤੀ ਦੋਸਤੀ ਦੀ ਨਿਵੇਕਲੀ ਮਿਸਾਲ
ਲਾਹੌਰ ਦੇ ਐਚੀਸਨ ਕਾਲਜ ਨੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ 'ਤੇ ਸਮਰਪਿਤ ਕੀਤਾ ਕਲਾਸਰੂਮ
ਪਾਕਿਸਤਾਨੀ ਉਦਯੋਗਪਤੀ ਸੱਯਦ ਬਾਬਰ ਅਲੀ ਨੇ ਆਪਣੇ ਜਿਗਰੀ ਦੋਸਤ ਦੀ ਯਾਦ ਵਿੱਚ ਦਿੱਤਾ 40 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਦਾ ਦਾਨ
ਭਾਰਤ ਤੋਂ ਲਾਹੌਰ ਪਹੁੰਚੀ ਹਰਚਰਨ ਸਿੰਘ ਬਰਾੜ ਦੀ ਧੀ ਬਬਲੀ ਬਰਾੜ ਨੇ ਹਟਾਇਆ ਪਲੇਟ (ਤਖ਼ਤੀ) ਤੋਂ ਪਰਦਾ
ਕਲਾਸਰੂਮ ਦੇ ਬਾਹਰ ਲੱਗੀ ਤਖ਼ਤੀ 'ਤੇ ਅੰਗਰੇਜ਼ੀ, ਗੁਰਮੁਖੀ ਅਤੇ ਉਰਦੂ ਵਿੱਚ ਲਿਖਿਆ ਗਿਆ- 'ਰੱਬ ਇੱਕ ਹੈ'
Babushahi Network
ਲਾਹੌਰ/ਚੰਡੀਗੜ੍ਹ, 11 ਜੂਨ 2026- ਸਰਹੱਦਾਂ, ਧਰਮ ਅਤੇ ਸਮੇਂ ਦੀਆਂ ਵੰਡੀਆਂ ਤੋਂ ਪਰੇ ਇੱਕ ਅਟੁੱਟ ਅਤੇ ਇਤਿਹਾਸਕ ਦੋਸਤੀ ਨੂੰ ਸਲਾਮ ਕਰਦਿਆਂ, ਲਾਹੌਰ (ਪਾਕਿਸਤਾਨ) ਦੇ ਪ੍ਰਸਿੱਧ ਐਚੀਸਨ ਕਾਲਜ (Aitchison College) ਵੱਲੋਂ ਬੁੱਧਵਾਰ ਨੂੰ ਆਪਣੇ ਕਲਾਸਰੂਮ ਨੰਬਰ 108 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਯਾਦ ਵਿੱਚ ਸਮਰਪਿਤ ਕੀਤਾ ਗਿਆ ਹੈ। ਇਹ ਕਦਮ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਪਿਆਰ ਅਤੇ ਸਾਂਝ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਾ ਹੈ।

ਇਸ ਕਲਾਸਰੂਮ ਨੂੰ ਹਰਚਰਨ ਸਿੰਘ ਬਰਾੜ ਦੇ ਨਾਂ ਸਮਰਪਿਤ ਕਰਨ ਦੀ ਪਹਿਲਕਦਮੀ ਪਾਕਿਸਤਾਨ ਦੇ ਉੱਘੇ ਉਦਯੋਗਪਤੀ ਅਤੇ ਪਰਉਪਕਾਰੀ ਸੱਯਦ ਬਾਬਰ ਅਲੀ ਵੱਲੋਂ ਕੀਤੀ ਗਈ।

ਸੱਯਦ ਬਾਬਰ ਅਲੀ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਬਚਪਨ ਦੇ ਜਿਗਰੀ ਦੋਸਤ ਅਤੇ ਕਾਲਜ ਦੇ ਦਿਨਾਂ ਦੇ ਜਮਾਤੀ (Classmate) ਰਹੇ ਹਨ। ਉਨ੍ਹਾਂ ਨੇ ਆਪਣੇ ਉਮਰ ਭਰ ਦੇ ਯਾਰ ਦੀ ਯਾਦ ਨੂੰ ਕਾਲਜ ਵਿੱਚ ਹਮੇਸ਼ਾ ਲਈ ਜ਼ਿੰਦਾ ਰੱਖਣ ਵਾਸਤੇ 4 ਮਿਲੀਅਨ (40 ਲੱਖ) ਪਾਕਿਸਤਾਨੀ ਰੁਪਏ ਦਾ ਵਿਸ਼ੇਸ਼ ਦਾਨ ਦਿੱਤਾ।

ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਸੱਯਦ ਬਾਬਰ ਅਲੀ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਤਰੀਕੇ ਨਾਲ ਸਮਾਗਮ ਵਿੱਚ ਸ਼ਾਮਲ ਹੋਏ। ਦੂਜੇ ਪਾਸੇ, ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਸਰਹੱਦ ਪਾਰ ਕਰਕੇ ਲਾਹੌਰ ਪਹੁੰਚੀ। ਉਨ੍ਹਾਂ ਨੇ ਭਾਵੁਕ ਪਲਾਂ ਦੇ ਦਰਮਿਆਨ ਕਲਾਸਰੂਮ ਦੇ ਬਾਹਰ ਲੱਗੀ ਯਾਦਗਾਰੀ ਤਖ਼ਤੀ (Plaque) ਤੋਂ ਪਰਦਾ ਹਟਾ ਕੇ ਇਸ ਦਾ ਉਦਘਾਟਨ ਕੀਤਾ।

ਇਸ ਯਾਦਗਾਰੀ ਤਖ਼ਤੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਉੱਪਰ "God is One" (ਰੱਬ ਇੱਕ ਹੈ) ਦਾ ਪਵਿੱਤਰ ਸੰਦੇਸ਼ ਤਿੰਨ ਭਾਸ਼ਾਵਾਂ ਅੰਗਰੇਜ਼ੀ, ਗੁਰਮੁਖੀ (ਪੰਜਾਬੀ) ਅਤੇ ਉਰਦੂ ਵਿੱਚ ਉਕਰਿਆ ਗਿਆ ਹੈ। ਇਹ ਲਿਖਤ ਵੱਖ-ਵੱਖ ਧਰਮਾਂ, ਪਿਛੋਕੜਾਂ ਅਤੇ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਭਾਈਚਾਰੇ, ਸਾਂਝੀਵਾਲਤਾ, ਸ਼ਾਂਤੀ ਅਤੇ ਆਦਰ-ਸਤਿਕਾਰ ਦਾ ਇੱਕ ਵੱਡਾ ਸੰਦੇਸ਼ ਦਿੰਦੀ ਹੈ।
- Download Babushahi App
-
-