ਪੰਜਾਬ ਦੀ ਆਰਥਿਕ ਮਜ਼ਬੂਤੀ ਤੋਂ ਬਿਨਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਨਹੀਂ : ਅਜੇਪਾਲ ਸਿੰਘ ਬਰਾੜ
ਬਾਬੂਸ਼ਾਹੀ ਬਿਊਰੋ
ਮੋਹਾਲੀ 11 ਜੂਨ,2026
ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅੱਜ ਇੱਕ ਵਿੱਚ ਕਿਹਾ ਕਿ ਪੰਜਾਬ ਅੱਜ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਹਾਨ ਚਿੰਤਕ ਅਤੇ ਪ੍ਰਸਿੱਧ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਨੇ ਦਹਾਕਿਆਂ ਪਹਿਲਾਂ ਹੀ ਪੰਜਾਬੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਪੰਜਾਬ ਆਪਣੇ ਆਰਥਿਕ ਸਰੋਤਾਂ, ਵਪਾਰ, ਉਦਯੋਗ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਰੱਖਿਆ ਨਹੀਂ ਕਰੇਗਾ ਤਾਂ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਪੰਜਾਬੀ ਆਪਣੇ ਹੀ ਦੇਸ਼ ਵਿੱਚ ਦੂਜਿਆਂ ਦੇ ਅਧੀਨ ਕੰਮ ਕਰਨ ਲਈ ਮਜਬੂਰ ਹੋ ਜਾਣਗੇ। ਉਨਾਂ ਕਿਹਾ ਕਿ ਅੱਜ ਦੇ ਹਾਲਾਤ ਉਸ ਚੇਤਾਵਨੀ ਨੂੰ ਸੱਚ ਸਾਬਤ ਕਰਦੇ ਨਜ਼ਰ ਆ ਰਹੇ ਹਨ।
ਸਰਦਾਰ ਬਰਾੜ ਨੇ ਕਿਹਾ ਕਿ ਰੋਜ਼ਗਾਰ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਵਿਦੇਸ਼ਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤਾਂ ਪੰਜਾਬ ਦੇ ਨੌਜਵਾਨਾਂ ਕੋਲ ਰੁਜ਼ਗਾਰ ਦੇ ਸੀਮਤ ਮੌਕੇ ਹੀ ਬਚਣਗੇ। ਇਸ ਲਈ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਸਥਾਨਕ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਲਈ ਪ੍ਰਭਾਵਸਾਲੀ ਰੁਜ਼ਗਾਰ ਦੇ ਸਰੋਤ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਆਰਥਿਕ ਤੌਰ 'ਤੇ ਕਮਜ਼ੋਰ ਸਮਾਜ ਕਦੇ ਵੀ ਰਾਜਨੀਤਿਕ ਜਾਂ ਸਮਾਜਿਕ ਤੌਰ 'ਤੇ ਮਜ਼ਬੂਤ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਪੰਜਾਬ ਨੂੰ ਆਪਣੀ ਖੇਤੀ, ਉਦਯੋਗ ਅਤੇ ਕੁਦਰਤੀ ਸਰੋਤਾਂ 'ਤੇ ਆਧਾਰਿਤ ਨਵੀਂ ਆਰਥਿਕ ਨੀਤੀ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਆਰਥਿਕ ਗੁਲਾਮੀ ਵੱਲ ਵਧਣ ਤੋਂ ਰੋਕਿਆ ਜਾ ਸਕੇ।
ਸਰਦਾਰ ਬਰਾੜ ਨੇ ਪੰਜਾਬ ਦੇ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਆਰਥਿਕ ਪੁਨਰ-ਉਸਾਰੀ ਅਤੇ ਸਵੈ-ਨਿਰਭਰਤਾ ਲਈ ਅੱਗੇ ਆਉਣ ਅਤੇ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਾਂਝੇ ਯਤਨ ਕਰਨ।
- Download Babushahi App
-
-