ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜਰੂਰੀ - ਵਧੀਕ ਡਿਪਟੀ ਕਮਿਸ਼ਨਰ
16ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ
ਮਨਪ੍ਰੀਤ ਸਿੰਘ
ਰੂਪਨਗਰ, 25 ਜਨਵਰੀ:
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ 16ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰ ਤੇ ਸਮਾਗਮ ਪੂਰੇ ਉਤਸ਼ਾਹ ਨਾਲ ਸਰਕਾਰੀ ਕਾਲਜ ਰੂਪਨਗਰ ਵਿਖੇ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਸ਼੍ਰੀ ਅਵਿਕੇਸ਼ ਗੁਪਤਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਹਰ ਸਾਲ 25 ਜਨਵਰੀ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ ਤੇ 25 ਜਨਵਰੀ 1950 ਨੂੰ ਹੀ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਵੋਟਰਾਂ ਨੂੰ ਲੋਕਤੰਤਰੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹਰ ਸਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ ’ਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹਤੱਤਾ ਤੋਂ ਜਾਣੂ ਕਰਾਉਣਾ ਹੈ।
ਸ਼੍ਰੀ ਅਵਿਕੇਸ਼ ਗੁਪਤਾ ਨੇ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜਰੂਰੀ ਹੈ, ਇਸ ਲਈ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਤਾਂ ਉਹ ਪਹਿਲ ਦੇ ਆਧਾਰ ਤੇ ਵੋਟ ਬਣਵਾਏ। ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਰਤ ਦੇ ਭਵਿੱਖ ਦੇ ਵਾਰਿਸ ਹੋ। ਇਸ ਲਈ ਤੁਹਾਨੂੰ ਆਪਣੀ ਵੋਟ ਦੀ ਵਰਤੋਂ ਸਹੀ ਤਰੀਕੇ ਨਾਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਾਜਰ ਹੋਏ ਸਾਰੇ ਮੈਂਬਰਾਂ ਨੂੰ ਸਹੁੰ ਚੁੱਕਵਾਈ ਗਈ।
ਇਸ ਸਮਾਗਮ ਵਿੱਚ ਸਰਕਾਰੀ ਆਈ.ਟੀ.ਆਈ (ਲੜਕੀਆਂ) ਰੂਪਨਗਰ ਵੱਲੋਂ ਸਿਲਾਈ-ਕਢਾਈ, ਰੰਗੋਲੀ ਅਤੇ ਮਹਿੰਦੀ ਦੀਆਂ ਸਟਾਲਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਰੂਪਨਗਰ ਵੱਲੋਂ ਪੇਟਿੰਗ ਦੀਆਂ ਸਟਾਲਾਂ ਲਗਾਈਆਂ ਗਈਆਂ। ਇਸ ਦੌਰਾਨ ਨਹਿਰੂ ਯੁਵਾ ਕੇਂਦਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਇੱਕ ਜਾਗੋ ਨਾਟਕ ਵੀ ਪੇਸ਼ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਲੋਂ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2026 ਦੌਰਾਨ ਵਧੀਆਂ ਕਾਰਗੁਜਾਰੀ ਲਈ ਬੈਸਟ ਈ.ਆਰ.ਓ ਵਿਧਾਨ ਸਭਾ ਚੋਣ ਹਲਕਾ 50 ਰੂਪਨਗਰ ਸ. ਬਲਜਿੰਦਰ ਸਿੰਘ ਢਿੱਲੋਂ, ਬੈਸਟ ਨੋਡਲ ਅਫ਼ਸਰ ਸ਼੍ਰੀਮਤੀ ਅਮਰ ਜੋਤੀ ਸੂਦ ਲੈਕਚਰਾਰ ਰਾਜਨੀਤੀ ਸ਼ਾਸਤਰ (ਵਿਧਾਨ ਸਭਾ ਚੋਣ ਹਲਕਾ 49 ਸ੍ਰੀ ਅਨੰਦਪੁਰ ਸਾਹਿਬ) ਬੈਸਟ ਬੀ.ਐਲ.ਓ ਸ਼੍ਰੀ ਅਮਰਜੀਤ ਸਿੰਘ ਬੂਥ ਨੰਬਰ 40 ਸੈਣੀ ਮਾਜਰਾ (ਵਿਧਾਨ ਸਭਾ ਚੋਣ ਹਲਕਾ 50 ਰੂਪਨਗਰ) ਅਤੇ ਬੇਸਟ ਨੋਡਲ ਅਫ਼ਸ ਨੂੰ ਅਤੇ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਉਣ ਵਿੱਚ ਯੋਗਦਾਨ ਪਾਉਣ ਲਈ ਅਧਿਕਾਰੀ/ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰ ਸਰਕਾਰੀ ਕਾਲਜ ਰੂਪਨਗਰ ਸ਼੍ਰੀ ਜਤਿੰਦਰ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2026 ਦੌਰਾਨ ਨਵੇਂ ਰਜਿਸਟਰਡ ਹੋਏ 18-19 ਸਾਲ ਦੇ ਨੌਜਵਾਨ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਵੱਲੋਂ ਵੰਡੇ ਗਏ।
ਇਸ ਮੌਕੇ ਚੋਣ ਤਹਿਸੀਲਦਾਰ ਪਲਵਿੰਦਰ ਸਿੰਘ ਬੈਂਸ, ਸਹਾਇਕ ਨੋਡਲ ਅਫ਼ਸਰ ਸਵੀਪ ਵਰਿੰਦਰ ਸਿੰਘ, ਜੂਨੀਅਰ ਸਹਾਇਕ ਗੁਰਜੀਤ ਸਿੰਘ, ਕਲਰਕ ਰਣਧੀਰ ਸਿੰਘ, ਇੰਸਟਰਕਟਰ ਆਈ.ਟੀ.ਆਈ (ਲੜਕੇ) ਦਿਨੇਸ਼ ਕੁਮਾਰ ਸੈਣੀ ਤੇ ਜ਼ਿਲ੍ਹਾ ਚੋਣ ਦਫ਼ਤਰ ਤੇ ਉਪ ਮੰਡਲ ਮੈਜਿਸਟਰੇਟ ਰੂਪਨਗਰ ਦੇ ਕਰਮਚਾਰੀ ਵੀ ਹਾਜਰ ਹੋਏ ਸਨ।