ਪ੍ਰਭ ਆਸਰਾ ਸੰਸਥਾ ਨੇ ਆਪਣੀ ਇੱਕ ਪਰਿਵਾਰਕ ਮੈਂਬਰ ਦੇ ਆਨੰਦ ਕਾਰਜ ਕਰਵਾਏ
- ਮੁੱਖ ਕੰਪਲੈਕਸ ਵਿਖੇ ਹੋਏ ਮੇਲ਼ ਅਤੇ ਜੰਝ ਆਉਣ ਜਿਹੇ ਸ਼ੁਭ ਸ਼ਗਨ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 06 ਜੁਲਾਈ 2024 : ਆਪਣੀਆਂ ਲੋਕ-ਪੱਖੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਵੱਲੋਂ ਅੱਜ ਆਪਣੀ ਪਰਿਵਾਰਕ ਮੈਂਬਰ ਕੋਮਲ ਦੇ ਆਨੰਦ ਕਾਰਜ ਕਰਵਾਏ ਗਏ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਅੱਜ ਮੁੱਖ ਕੰਪਲੈਕਸ ਵਿਖੇ ਹੀ ਜੰਝ ਦਾ ਸਵਾਗਤ ਅਤੇ ਆਉ-ਭਗਤ ਕਰਨ ਉਪਰੰਤ ਸੁਭਾਗ ਜੋੜੀ ਦੇ ਗੁਰੂਦੁਆਰਾ ਝੰਡਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਏ ਗਏ। ਸੰਸਥਾ ਪ੍ਰਬੰਧਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੇ ਸ਼ਗਨ-ਵਿਹਾਰਾਂ ਨਾਲ਼ ਡੋਲੀ ਵਿਦਾ ਕੀਤੀ ਗਈ।
ਜਿਕਰਯੋਗ ਹੈ ਕਿ ਲਾਚਾਰ ਤੇ ਬੇਸਹਾਰਾ ਨਾਗਰਿਕਾਂ ਦੇ ਇਲਾਜ ਅਤੇ ਸਾਂਭ-ਸੰਭਾਲ਼ ਨੂੰ ਤਨ-ਮਨ-ਧਨ ਤੋਂ ਪ੍ਰਣਾਈ ਸੰਸਥਾ ਪ੍ਰਭ ਆਸਰਾ ਇਹਨਾਂ ਦੇ ਤੰਦਰੁਸਤ ਹੋਣ ਤੋਂ ਬਾਅਦ ਪੁਨਰਵਾਸ ਹਿੱਤ ਅਹਿਮ ਉਪਰਾਲੇ ਵੀ ਕਰਦੀ ਹੈ। ਜਿਸਦੇ ਤਹਿਤ ਪਤੇ ਲੱਭ ਕੇ ਪਰਿਵਾਰਾਂ ਤੱਕ ਪਹੁੰਚਾਉਣ, ਯੋਗਤਾ ਮੁਤਾਬਕ ਸੰਸਥਾ ਵਿੱਚ ਹੀ ਰੁਜ਼ਗਾਰ ਦੇਣ ਅਤੇ ਖੇਡਾਂ ਵਿੱਚ ਰੁਚੀ ਰੱਖਣ ਵਾਲ਼ੇ ਬੱਚਿਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਵਾਉਣ ਆਦਿ ਜਿਹੇ ਪ੍ਰਮੁੱਖ ਹਨ।